ਨਵਦੀਪ ਸਿੰਘ ਗਿੱਲ
ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਕਈ ਭਾਰਤੀ ਖਿਡਾਰੀ ਅਜਿਹੇ ਹਨ ਜਿਹੜੇ ਤਗ਼ਮੇ ਦੀ ਦੌੜ ਵਿੱਚ ਐਨ ਆਖਰ ’ਤੇ ਜਾ ਕੇ ਖੁੰਝੇ ਗਏ। ਇਨ੍ਹਾਂ ਵਿੱਚ ਮਿਲਖਾ ਸਿੰਘ, ਗੁਰਬਚਨ ਸਿੰਘ ਰੰਧਾਵਾ, ਪੀ.ਟੀ.ਊਸ਼ਾ, ਗੁਰਚਰਨ ਸਿੰਘ, ਅੰਜੂ ਬੌਬੀ ਜਾਰਜ, ਅਖਿਲ ਕੁਮਾਰ, ਜਿਤੇਂਦਰ, ਮਹੇਸ਼ ਭੂਪਤੀ, ਜੁਆਏਦੀਪ, ਦਵੇਂਦਰੋ ਸਿੰਘ, ਵਿਕਾਸ ਕ੍ਰਿਸ਼ਨਨ ਯਾਦਵ, ਸਾਨੀਆ ਮਿਰਜ਼ਾ ਤੇ ਰੋਹਨ ਬੋਪੰਨਾ ਦੇ ਨਾਂ ਪ੍ਰਮੁੱਖ ਹਨ।
1960 ਦੀਆਂ ਰੋਮ ਓਲੰਪਿਕ ਖੇਡਾਂ ’ਚ ਮਿਲਖਾ ਸਿੰਘ ਨੇ 400 ਮੀਟਰ ਦੌੜ ਦਾ ਫਾਈਨਲ ਦੌੜਦਿਆਂ 45.6 ਸਕਿੰਟਾਂ ’ਚ ਦੌੜ ਪੂਰੀ ਕਰਦਿਆਂ ਵਿਸ਼ਵ ਰਿਕਾਰਡ ਜ਼ਰੂਰ ਤੋੜਿਆ, ਪਰ ਮਿਲਖਾ ਸਿੰਘ ਚੌਥੇ ਸਥਾਨ ’ਤੇ ਰਹਿਣ ਕਰਕੇ ਤਗ਼ਮੇ ਤੋਂ ਵਾਂਝਾ ਰਹਿ ਗਿਆ। 1964 ਦੀਆਂ ਟੋਕੀਓ ਓਲੰਪਿਕ ਖੇਡਾਂ ਦੌਰਾਨ 110 ਮੀਟਰ ਹਰਡਲਜ਼ ਦੌੜ ਵਿਚ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਨੰਗਲੀ ਦਾ ਵਸਨੀਕ ਗੁਰਬਚਨ ਸਿੰਘ ਰੰਧਾਵਾ ਵਾਵਰੋਲੇ ਵਾਂਗ ਵਗਿਆ ਅਤੇ 14 ਸਕਿੰਟ ਦੀ ਇਤਿਹਾਸਕ ਦੌੜ ਨਾਲ ਨਵਾਂ ਕੌਮੀ ਰਿਕਾਰਡ ਵੀ ਬਣਾਇਆ, ਪਰ ਉਹ ਪੰਜਵੇਂ ਸਥਾਨ ’ਤੇ ਰਹਿਣ ਕਰ ਕੇ ਤਗ਼ਮੇ ਤੋਂ ਵਾਂਝਾ ਰਹਿ ਗਿਆ। ਕੇਰਲਾ ਐਕਸਪ੍ਰੈਸ ਵਜੋਂ ਮਸ਼ਹੂਰ ਉਡਣ ਪਰੀ ਪੀ.ਟੀ. ਊਸ਼ਾ ਨੇ 1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ’ਚ 400 ਮੀਟਰ ਦੌੜ ਦੇ ਫਾਈਨਲ ਵਿੱਚ ਪੂਰੀ ਵਾਹ ਲਾਈ, ਪਰ ਚੌਥੇ ਨੰਬਰ ’ਤੇ ਰਹਿਣ ਕਰ ਕੇ ਐਨ ਆਖਰੀ ਪੜਾਅ ’ਤੇ ਉਸ ਕੋਲੋਂ ਤਗ਼ਮਾ ਖੁੱਸ ਗਿਆ। ਇਕ ਹੋਰ ਅਥਲੀਟ ਅੰਜੂ ਬੌਬੀ ਜਾਰਜ ਨੇ 2004 ਦੀਆਂ ਏਥਨਜ਼ ਓਲੰਪਿਕ ਖੇਡਾਂ ਵਿੱਚ 6.83 ਮੀਟਰ ਦੀ ਲੰਬੀ ਛਾਲ ਲਗਾ ਕੇ ਨਵਾਂ ਕੌਮੀ ਰਿਕਾਰਡ ਬਣਾਇਆ, ਪਰ ਉਹ ਪੰਜਵੀਂ ਥਾਵੇਂ ਰਹਿਣ ਕਾਰਨ ਤਗ਼ਮੇ ਤੋਂ ਵਾਂਝੀ ਰਹਿ ਗਈ। ਮੁੱਕੇਬਾਜ਼ੀ ਵਿੱਚ ਪੰਜਾਬ ਦੇ ਮਾਛੀਵਾੜਾ ਦਾ ਵਸਨੀਕ ਗੁਰਚਰਨ ਸਿੰਘ ਰੈਫਰੀਆਂ ਦੇ ਪੱਖਪਾਤੀ ਰਵੱਈਏ ਕਰ ਕੇ ਭਾਰਤ ਲਈ ਓਲੰਪਿਕ ਵਿੱਚ ਤਗ਼ਮਾ ਜਿੱਤਣ ਵਾਲਾ ਪਹਿਲਾ ਮੁੱਕੇਬਾਜ਼ ਬਣਨ ਤੋਂ ਰਹਿ ਗਿਆ। 2000 ਵਿੱਚ ਸਿਡਨੀ ਓਲੰਪਿਕਸ ਵਿਚ ਆਪਣੇ ਦਮਖਮ ਨਾਲ ਕੁਆਰਟਰ ਫਾਈਨਲ ਤਕ ਪੁੱਜੇ ਗੁਰਚਰਨ ਸਿੰਘ ਨੇ ਜ਼ਬਰਦਸਤ ਮੁਕਾਬਲਾ ਦਿੱਤਾ। ਸਕੋਰ 12-12 ਨਾਲ ਟਾਈ ਹੋ ਗਿਆ। ਇਸ ਸੂਰਤ ਵਿੱਚ ਬੈਂਚ ਉਪਰ ਬੈਠੇ ਅੰਪਾਇਰਾਂ ਵੱਲੋਂ ਦਿੱਤੇ ਨਿੱਜੀ ਅੰਕਾਂ ਨਾਲ ਗੁਰਚਰਨ ਦੀ ਹਾਰ ਹੋਈ। 2008 ਵਿੱਚ ਪੇਈਚਿੰਗ ਵਿੱਚ ਦੋ ਭਾਰਤੀ ਮੁੱਕੇਬਾਜ਼ ਅਖਿਲ ਕੁਮਾਰ ਤੇ ਜਿਤੇਂਦਰ ਕੁਮਾਰ ਚੰਗੀ ਫਾਰਮ ਵਿੱਚ ਹੋਣ ਦੇ ਬਾਵਜੂਦ ਕੁਆਰਟਰ ਫਾਈਨਲ ਵਿੱਚ ਹਾਰਨ ਕਰ ਕੇ ਦੇਸ਼ ਦੀ ਝੋਲੀ ਤਗ਼ਮਾ ਪਾਉਣ ਵਿੱਚ ਨਾਕਾਮ ਰਹੇ। 2012 ਦੀਆਂ ਲੰਡਨ ਓਲੰਪਿਕਸ ਵਿੱਚ ਦਵੇਂਦਰੋ ਸਿੰਘ ਤੇ 2016 ਵਿੱਚ ਰੀਓ ਵਿੱਚ ਵਿਕਾਸ ਕ੍ਰਿਸ਼ਨਨ ਯਾਦਵ ਕੁਆਰਟਰ ਫਾਈਨਲ ਵਿੱਚ ਹਾਰ ਗਏ। ਨਿਸ਼ਾਨੇਬਾਜ਼ ਜੁਆਏਦੀਪ ਕਰਮਾਕਰ 2012 ਵਿੱਚ ਲੰਡਨ ’ਚ 50 ਮੀਟਰ ਰਾਈਫਲ ਪਰੋਨ ਮੁਕਾਬਲੇ ਵਿੱਚ ਚੌਥੇ ਸਥਾਨ ’ਤੇ ਰਹਿ ਗਿਆ। ਟੈਨਿਸ ਵਿੱਚ ਲਿਏਂਡਰ ਪੇਸ ਤੇ ਮਹੇਸ਼ ਭੂਪਤੀ ਦੀ ਜੋੜੀ ਨੇ 2004 ਦੀਆਂ ਏਥਨਜ਼ ਓਲੰਪਿਕ ਖੇਡਾਂ ਦੇ ਸੈਮੀ ਫਾਈਨਲ ਤੱਕ ਸਫਰ ਤੈਅ ਕੀਤਾ ਅਤੇ ਕਾਂਸੀ ਦੇ ਤਗ਼ਮੇ ਵਾਲੇ ਮੈਚ ਵਿੱਚ ਪਹਿਲਾ ਸੈੱਟ 7-6 ਨਾਲ ਜਿੱਤਣ ਮਗਰੋਂ ਦੂਜਾ ਸੈਟ 4-6 ਨਾਲ ਹਾਰ ਗਈ ਅਤੇ ਆਖਰੀ ਸੈੱਟ ਵਿੱਚ ਫਸਵੇਂ ਮੁਕਾਬਲੇ ਵਿੱਚ ਉਹ 14-16 ਨਾਲ ਹਾਰ ਗਈ।