ਮੈਲਬਰਨ: ਭਾਰਤੀ ਕ੍ਰਿਕਟ ਟੀਮ ਤੇ ਸਟਾਫ ਮੈਂਬਰਾਂ ਦੀ ਕਰੋਨਾ ਰਿਪੋਰਟ ਨੈਗੇਟਿਵ ਆਈ ਹੈ। ਬੀਸੀਸੀਆਈ ਨੇ ਦੱਸਿਆ ਕਿ ਪੰਜ ਭਾਰਤੀ ਖਿਡਾਰੀਆਂ ਦੇ ਰੇਸਤਰਾਂ ਵਿਵਾਦ ਦੇ ਸਾਹਮਣੇ ਆਉਣ ਤੋਂ ਬਾਅਦ 3 ਜਨਵਰੀ ਨੂੰ ਖਿਡਾਰੀਆਂ ਦਾ ਆਰਟੀ-ਪੀਸੀਆਰ ਟੈਸਟ ਕਰਵਾਇਆ ਗਿਆ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਪੰਜ ਭਾਰਤੀ ਖਿਡਾਰੀਆਂ ਦੇ ਕਰੋਨਾ ਨਿਯਮਾਂ ਦੀ ਉਲੰਘਣ ਦੀ ਵੀਡੀਓ ਜਨਤਕ ਹੋਣ ਤੋਂ ਬਾਅਦ ਭਾਰਤ ਤੇ ਆਸਟਰੇਲੀਆ ਕ੍ਰਿਕਟ ਬੋਰਡ ਦੇ ਕਿਸੇ ਵੀ ਅਧਿਕਾਰੀ ਨੇ ਟਿੱਪਣੀ ਨਹੀਂ ਕੀਤੀ। ਦੂਜੇ ਪਾਸੇ ਕ੍ਰਿਕਟ ਆਸਟਰੇਲੀਆ ਨੇ ਅੱਜ ਸਪਸ਼ਟ ਕੀਤਾ ਕਿ ਭਾਰਤੀ ਖਿਡਾਰੀਆਂ ਦੇ ਬ੍ਰਿਸਬਨ ਮੈਚ ਨਾ ਖੇਡਣ ਜਾਣ ਦੀਆਂ ਖਬਰਾਂ ਗਲਤ ਹਨ। ਮੁੱਖ ਕਾਰਜਕਾਰੀ ਅਧਿਕਾਰੀ ਨਿਕ ਹੋਕਲੇ ਨੇ ਕਿਹਾ ਕਿ ਭਾਰਤੀ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਤੇ ਖਿਡਾਰੀਆਂ ਦਾ ਰਵੱਈਆ ਸਾਕਾਰਾਤਮਕ ਹੈ ਤੇ ਕਿਸੇ ਵੀ ਭਾਰਤੀ ਖਿਡਾਰੀ ਨੇ ਕਰੋਨਾ ਨਿਯਮਾਂ ’ਤੇ ਇਤਰਾਜ਼ ਨਹੀਂ ਉਠਾਇਆ। -ਪੀਟੀਆਈ