ਨਵੀਂ ਦਿੱਲੀ, 16 ਅਗਸਤ
ਵਿਸ਼ਵ ਫੁੱਟਬਾਲ ਦੀ ਸਭ ਤੋਂ ਵੱਡੀ ਸੰਸਥਾ ਫੀਫਾ ਨੇ ਅੱਜ ਭਾਰਤ ਨੂੰ ਵੱਡਾ ਝਟਕਾ ਦਿੰਦਿਆਂ ਤੀਜੀ ਧਿਰ ਦੇ ਗ਼ੈਰਜ਼ਰੂਰੀ ਦਖ਼ਲ ਦਾ ਹਵਾਲਾ ਦਿੰਦਿਆਂ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਤੋਂ ਅਕਤੂਬਰ ’ਚ ਹੋਣ ਵਾਲੇ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਹੱਕ ਖੋਹ ਲਿਆ ਹੈ। ਭਾਰਤ ਨੇ 11 ਤੋਂ 30 ਅਕਤੂਬਰ ਵਿਚਾਲੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨੀ ਸੀ। ਪਿਛਲੇ 85 ਸਾਲਾਂ ਦੇ ਇਤਿਹਾਸ ’ਚ ਇਹ ਪਹਿਲਾ ਮੌਕਾ ਹੈ ਜਦੋਂ ਫੀਫਾ ਨੇ ਏਆਈਐੱਫਐੱਫ ’ਤੇ ਪਾਬੰਦੀ ਲਾਈ ਹੈ।
ਫੀਫਾ ਨੇ ਕਿਹਾ ਕਿ ਇਹ ਮੁਅੱਤਲੀ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ। ਫੀਫਾ ਨੇ ਇੱਕ ਬਿਆਨ ’ਚ ਕਿਹਾ, ‘ਫੀਫਾ ਕੌਂਸਲ ਦੇ ਬਿਊਰੋ ਨੇ ਸਾਰਿਆਂ ਦੀ ਸਹਿਮਤੀ ਨਾਲ ਆਲ ਇੰਡੀਆ ਭਾਰਤੀ ਫੁਟਬਾਲ ਫੈਡਰੇਸ਼ਨ (ਏਆਈਐੱਐੱਫ) ਨੂੰ ਤੀਜੀ ਧਿਰ ਦੇ ਗ਼ੈਰ-ਜ਼ਰੂਰੀ ਦਖਲ ਕਾਰਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ। ਤੀਜੀ ਧਿਰ ਦਾ ਦਖਲ ਫੀਫਾ ਦੇ ਨਿਯਮਾਂ ਦੀ ਉਲੰਘਣਾ ਹੈ।’ ਬਿਆਨ ’ਚ ਕਿਹਾ ਗਿਆ ਹੈ, ‘ਮੁਅੱਤਲੀ ਤਾਂ ਹੀ ਹਟੇਗੀ ਜਦੋਂ ਏਆਈਐੱਫਐੱਫ ਦੀ ਕਾਰਜਕਾਰੀ ਕਮੇਟੀ ਦੀ ਥਾਂ ਪ੍ਰਸ਼ਾਸਕਾਂ ਦੀ ਕਮੇਟੀ ਦੇ ਗਠਨ ਦਾ ਫ਼ੈਸਲਾ ਵਾਪਸ ਲਿਆ ਜਾਵੇਗਾ ਤੇ ਏਆਈਐੱਫਐੱਫ ਪ੍ਰਸ਼ਾਸਨ ਨੂੰ ਫੈਡਰੇਸ਼ਨ ਦੇ ਰੋਜ਼ਾਨਾ ਦੇ ਕੰਮਾਂ ਦਾ ਪੂਰਾ ਕੰਟਰੋਲ ਦਿੱਤਾ ਜਾਵੇਗਾ।’ ਫੀਫਾ ਨੇ ਕਿਹਾ, ‘ਇਸ ਮੁਅੱਤਲੀ ਦਾ ਮਤਲਬ ਹੈ ਕਿ ਅੰਡਰ-17 ਮਹਿਲਾ ਵਿਸ਼ਵ ਕੱਪ ਪਹਿਲਾਂ ਤੈਅ ਪ੍ਰੋਗਰਾਮ ਅਨੁਸਾਰ ਭਾਰਤ ’ਚ ਨਹੀਂ ਹੋ ਸਕਦਾ। -ਪੀਟੀਆਈ
ਫੀਫਾ ਦਾ ਫ਼ੈਸਲਾ ਬਹੁਤ ਸਖ਼ਤ: ਭੂਟੀਆ
ਨਵੀਂ ਦਿੱਲੀ: ਸਾਬਕਾ ਕਪਤਾਨ ਭਾਈਚੁੰਗ ਭੂਟੀਆ ਨੇ ਅੱਜ ਭਾਰਤੀ ਫੁਟਬਾਲ ’ਤੇ ਪਾਬੰਦੀ ਲਾਉਣ ਦੇ ਫ਼ੀਫਾ ਦੇ ਫ਼ੈਸਲੇ ਨੂੰ ਬਹੁਤ ਸਖ਼ਤ ਕਰਾਰ ਦਿੱਤਾ ਪਰ ਉਹ ਇਸ ਨੂੰ ਦੇਸ਼ ਵਿੱਚ ਇਸ ਖੇਡ ਦਾ ਪ੍ਰਬੰਧ ਸੁਧਾਰਨ ਦੇ ਮੌਕੇ ਵਜੋਂ ਵੀ ਦੇਖ ਰਹੇ ਹਨ। ਭੂਟੀਆ ਨੇ ਕਿਹਾ, ‘ਇਹ ਬਹੁਤ ਮੰਦਭਾਗੀ ਗੱਲ ਹੈ ਕਿ ਫੀਫਾ ਨੇ ਭਾਰਤੀ ਫੁਟਬਾਲ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਫ਼ੈਸਲਾ ਬਹੁਤ ਸਖ਼ਤ ਹੈ। ਇਸ ਦੇ ਨਾਲ ਹੀ ਮੈਨੂੰ ਲੱਗਦਾ ਹੈ ਕਿ ਇਹ ਆਪਣਾ ਸਿਸਟਮ ਸੁਧਾਰਨ ਦਾ ਬਿਹਤਰੀਨ ਮੌਕਾ ਹੈ।’ -ਪੀਟੀਆਈ
ਕੇਂਦਰ ਵੱਲੋਂ ਏਆਈਐੱਫਐੱਫ ਮਾਮਲੇ ਵਿੱਚ ਤੁਰੰਤ ਸੁਣਵਾਈ ਦੀ ਮੰਗ
ਨਵੀਂ ਦਿੱਲੀ: ਫੀਫਾ ਵੱਲੋਂ ਭਾਰਤ ਨੂੰ ਮੁਅੱਤਲ ਕੀਤੇ ਜਾਣ ਮਗਰੋਂ ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ’ਚ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਦੇ ਮਾਮਲੇ ’ਚ ਤੁਰੰਤ ਸੁਣਵਾਈ ਦੀ ਮੰਗ ਕੀਤੀ ਹੈ। ਕੇਂਦਰ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ ਡੀਵਾਈ ਚੰਦਰਚੂੜ ਤੇ ਏਐੱਸ ਬੋਪੰਨਾ ਦੇ ਬੈਂਚ ਨੂੰ ਦੱਸਿਆ ਕਿ ਫੀਫਾ ਨੇ ਭਾਰਤ ਨੂੰ ਮੁਅੱਤਲ ਕਰਨ ਦਾ ਪੱਤਰ ਭੇਜਿਆ ਹੈ ਅਤੇ ਇਸ ਨੂੰ ਰਿਕਾਰਡ ’ਤੇ ਲਿਆਉਣ ਦੀ ਲੋੜ ਹੈ। ਬੈਂਚ ਨੇ ਮਹਿਤਾ ਨੂੰ ਕਿਹਾ ਕਿ ਮਾਮਲਾ 17 ਅਗਸਤ ਲਈ ਸੂਚੀਬੱਧ ਹੈ ਅਤੇ ਉਹ ਇਸ ਨੂੰ ਪਹਿਲੇ ਮਾਮਲੇ ਵਜੋਂ ਲੈਣ ਦੀ ਕੋਸ਼ਿਸ਼ ਕਰਨਗੇ। -ਪੀਟੀਆਈ