ਹਤਿੰਦਰ ਮਹਿਤਾ
ਆਦਮਪੁਰ ਦੋਆਬਾ(ਜਲੰਧਰ), 27 ਅਕਤੂਬਰ
ਆਰਮੀ ਗਰੀਨ ਨੇ ਸੀਆਰਪੀਐੱਫ ਦਿੱਲੀ ਨੂੰ 2-1 ਦੇ ਫਰਕ ਨਾਲ ਹਰਾ ਕੇ 39ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿੱਚ ਜੇਤੂ ਆਗਾਜ਼ ਕੀਤਾ। ਪਹਿਲੇ ਦਿਨ ਦੇ ਬਾਕੀ ਮੈਚਾਂ ਵਿੱਚ ਭਾਰਤੀ ਨੇਵੀ, ਏਐੱਸਸੀ ਅਤੇ ਕੈਗ ਦਿੱਲੀ ਨੇ ਆਪਣੇ ਆਪਣੇ ਮੈਚ ਜਿੱਤ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਲਿਆ ਹੈ। ਟੂਰਨਾਮੈਂਟ ਦਾ ਉਦਘਾਟਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕੀਤਾ। ਉਦਘਾਟਨ ਸਮੇਂ ਉਨ੍ਹਾਂ ਕੇਕ ਕੱਟਿਆ ਅਤੇ ਜੇਤੂ ਟਰਾਫੀ ਦੀ ਘੁੰਡ ਚੁਕਾਈ ਵੀ ਕੀਤੀ। ਉਨ੍ਹਾਂ ਟੂਰਨਾਮੈਂਟ ’ਚ ਹਿੱਸਾ ਲੈਣ ਵਾਲੀਆਂ ਟੀਮਾਂ ਨਾਲ ਜਾਣ-ਪਛਾਣ ਕਰਨ ਮਗਰੋਂ ਸੁਰਜੀਤ ਹਾਕੀ ਸੁਸਾਇਟੀ ਦੇ ਇਸ ਵੱਡੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਣਾ ਦਿੱਤੀ। ਸਕੂਲਾਂ ਦੀਆਂ ਬੱਚੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਉਦਘਾਟਨੀ ਮੈਚ ਸੀਆਰਪੀਐੱਫ ਦਿੱਲੀ ਅਤੇ ਆਰਮੀ ਗਰੀਨ ਦਰਮਿਆਨ ਖੇਡਿਆ ਗਿਆ।
ਖੇਡ ਦੇ 17ਵੇਂ ਮਿੰਟ ਵਿੱਚ ਸੀਆਰਪੀਐੱਫ ਦੇ ਸ਼ਰਨਜੀਤ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। ਅੱਧੇ ਸਮੇਂ ਤੱਕ ਸੀਆਰਪੀਐਫ 1-0 ਨਾਲ ਅੱਗੇ ਸੀ। ਖੇਡ ਦੇ ਤੀਜੇ ਕੁਆਰਟਰ ਦੇ 48ਵੇਂ ਮਿੰਟ ਵਿੱਚ ਆਰਮੀ ਗਰੀਨ ਦੇ ਸਿਮਰਨਦੀਪ ਸਿੰਘ ਨੇ ਗੋਲ ਕਰਕੇ ਬਰਾਬਰੀ ਕੀਤੀ। ਖੇਡ ਦੇ ਆਖਰੀ ਕੁਆਰਟਰ ਦੇ 57ਵੇਂ ਮਿੰਟ ਅਤੇ 59ਵੇਂ ਮਿੰਟ ਵਿੱਚ ਆਰਮੀ ਗਰੀਨ ਦੇ ਜੋਬਨਪ੍ਰੀਤ ਸਿੰਘ ਨੇ ਲਗਾਤਾਰ ਦੋ ਮੈਦਾਨੀ ਗੋਲ ਕਰਕੇ 3-1 ਦੇ ਸਕੋਰ ਨਾਲ ਮੈਚ ਆਪਣੇ ਨਾਂ ਕਰ ਲਿਆ ਤੇ ਅਗਲੇ ਦੌਰ ’ਚ ਪ੍ਰਵੇਸ਼ ਕੀਤਾ।
ਨਾਕਆਊਟ ਦੌਰ ਦੇ ਮੈਚ ਵਿੱਚ ਭਾਰਤੀ ਨੇਵੀ ਮੁੰਬਈ ਨੇ ਕੋਰ ਆਫ ਸਿਗਨਲਜ਼ ਜਲੰਧਰ ਨੂੰ ਸਖਤ ਮੁਕਾਬਲੇ ਮਗਰੋਂ 4-3 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ। ਭਾਰਤੀ ਨੇਵੀ ਵੱਲੋਂ ਪਲਨਗੱਪਾ, ਕੁਲਦੀਪ, ਅੰਜਿਕੇ ਯਾਦਵ ਅਤੇ ਪ੍ਰਸ਼ਾਂਤ ਨੇ ਗੋਲ ਕੀਤੇ ਜਦਕਿ ਸਿਗਨਲਜ਼ ਵੱਲੋਂ ਅਕਸ਼ੇ ਦੂਬੇ ਨੇ ਦੋ ਅਤੇ ਰਜਨੀਸ਼ ਕੁਮਾਰ ਨੇ ਇੱਕ ਗੋਲ ਕੀਤਾ। ਨਾਕਆਊਟ ਦੌਰ ਦੇ ਇਕ ਹੋਰ ਮੈਚ ਵਿਚ ਏਐੱਸਸੀ ਨੇ ਰੇਲ ਕੋਚ ਫੈਕਟਰੀ ਕਪੂਰਥਲਾ (ਆਰਸੀਐੱਫ) ਨੂੰ 2-1 ਦੇ ਫਰਕ ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ।