ਬਰਮਿੰਘਮ, 30 ਜੁਲਾਈ
ਬਰਮਿੰਘਮ ’ਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ’ਚ ਅੱਜ ਮੀਰਾਬਾਈ ਚਾਨੂ ਨੇ ਭਾਰਤ ਨੂੰ ਪਹਿਲਾ ਸੋਨ ਤਗ਼ਮਾ ਦਿਵਾਇਆ ਹੈ। ਉਸ ਨੇ 49 ਕਿਲੋਗ੍ਰਾਮ ਭਾਰ ਵਰਗ ’ਚ ਜਿੱਤ ਦਰਜ ਕੀਤੀ ਹੈ।
ਇਸ ਤੋਂ ਪਹਿਲਾਂ ਭਾਰਤ ਦੇ ਨੌਜਵਾਨ ਵੇਟਲਿਫ਼ਟਰ ਸੰਕੇਤ ਮਹਾਦੇਵ ਸਰਗਰ ਨੇ ਰਾਸ਼ਟਰਮੰਡਲ ਖੇਡਾਂ ਵਿਚ ਪੁਰਸ਼ਾਂ ਦੇ 55 ਕਿਲੋਗ੍ਰਾਮ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹ ਦਿੱਤਾ ਹੈ। ਸੰਕੇਤ ਤੋਂ ਇਲਾਵਾ ਭਾਰਤ ਦੇ ਗੁਰੂਰਾਜਾ ਪੁਜਾਰੀ ਨੇ ਵੀ ਵੇਟਲਿਫਟਿੰਗ ਦੇ 61 ਕਿਲੋਗ੍ਰਾਮ ਭਾਰ ਵਰਗ ਵਿਚ ਕਾਂਸੀ ਦਾ ਤਗਮਾ ਜਿੱਤਿਆ ਹੈ।
ਗੋਲਡ ਕੋਸਟ 2018 ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਗੁਰੂਰਾਜਾ ਨੇ 269 ਕਿਲੋਗ੍ਰਾਮ (118 ਕਿਲੋਗ੍ਰਾਮ+151 ਕਿਲੋਗ੍ਰਾਮ) ਦੇ ਕੁੱਲ ਵਜ਼ਨ ਨਾਲ ਤੀਜਾ ਸਥਾਨ ਹਾਸਲ ਕੀਤਾ। ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਦੇ 21 ਸਾਲ ਦੇ ਸਾਗਰ ਸੋਨ ਤਗਮੇ ਵੱਲ ਵੱਧ ਰਹੇ ਸਨ ਪਰ ਕਲੀਨ ਐਂਡ ਜਰਕ ਵਿਚ ਦੋ ਯਤਨਾਂ ਵਿਚ ਨਾਕਾਮ ਰਹਿਣ ਕਰ ਕੇ ਉਹ ਇਕ ਕਿਲੋ ਨਾਲ ਖੁੰਝ ਗਏ। ਉਨ੍ਹਾਂ 248 ਕਿਲੋ (113 ਤੇ 135 ਕਿਲੋ) ਵਜ਼ਨ ਉਠਾ ਕੇ ਚਾਂਦੀ ਦਾ ਤਗਮਾ ਜਿੱਤਿਆ। ਮਲੇਸ਼ੀਆ ਦੇ ਮੁਹੰਮਦ ਅਨੀਕ ਨੇ ਕੁੱਲ 249 ਕਿਲੋ ਵਜ਼ਨ ਚੁੱਕ ਕੇ ਕਲੀਨ ਐਂਡ ਜਰਕ ਵਿਚ ਖੇਡਾਂ ਦਾ ਨਵਾਂ ਰਿਕਾਰਡ ਬਣਾ ਕੇ ਸੋਨ ਤਗਮਾ ਹਾਸਲ ਕੀਤਾ। ਉਨ੍ਹਾਂ ਸਨੈਚ ਵਿਚ 107 ਤੇ ਕਲੀਨ ਐਂਡ ਜਰਕ ਵਿਚ 142 ਕਿਲੋ ਭਾਰ ਚੁੱਕਿਆ।
ਸ੍ਰੀਲੰਕਾ ਦੇ ਦਿਲਾਂਕਾ ਇਸੁਰੂ ਕੁਮਾਰਾ ਨੇ 225 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗਮਾ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਗਰ ਨੂੰ ਵਧਾਈ ਦਿੰਦਿਆਂ ਕਿਹਾ, ‘ਸ਼ਾਨਦਾਰ ਕੋਸ਼ਿਸ਼ ਸੰਕੇਤ ਸਰਗਰ। ਉਨ੍ਹਾਂ ਦੇ ਚਾਂਦੀ ਦੇ ਤਗਮੇ ਨਾਲ ਭਾਰਤ ਦੀ ਰਾਸ਼ਟਰਮੰਡਲ ਖੇਡਾਂ ਵਿਚ ਚੰਗੀ ਸ਼ੁਰੂਆਤ। ਵਧਾਈ ਤੇ ਸ਼ੁਭਕਾਮਨਾਵਾਂ।’ ਸਰਗਰ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ, ਕਾਂਗਰਸ ਆਗੂ ਰਾਹੁਲ ਗਾਂਧੀ ਤੇ ਹੋਰਨਾਂ ਨੇ ਵੀ ਵਧਾਈ ਦਿੱਤੀ ਹੈ। ਸੰਕੇਤ ਨੇ ਆਪਣਾ ਤਗ਼ਮਾ ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਦੇ ਨਾਂ ਸਮਰਪਿਤ ਕੀਤਾ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਭਾਰਤ ਨੇ ਵੇਟਲਿਫਟਿੰਗ ਵਿਚ ਪੰਜ ਸੋਨ ਤਗਮੇ ਜਿੱਤੇ ਸਨ। ਇਸ ਤੋਂ ਪਹਿਲਾਂ ਸੰਕੇਤ ਦੇ ਕੋਚ ਨੇ ਦੱਸਿਆ ਕਿ ਸਾਂਗਲੀ ਦੇ ਜਿਸ ‘ਦਿਗਵਿਜੈ ਵਿਆਮਸ਼ਾਲਾ’ ਵਿਚ ਸੰਕੇਤ ਨੇ ਵੇਟਲਿਫਟਿੰਗ ਸਿੱਖੀ, ਉਸ ਦੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਤਾ-ਪਿਤਾ ਨੇ ਵੱਡੀ ਸਕਰੀਨ ਉਤੇ ਸੰਕੇਤ ਦੇ ਮੁਕਾਬਲੇ ਨੂੰ ਦੇਖਿਆ। ਇਹ ਤਗਮਾ ਜਿੱਤ ਕੇ ਸੰਕੇਤ ਗਰੀਬ ਪਰਿਵਾਰਾਂ ਤੋਂ ਆਉਣ ਵਾਲੇ ਕਈ ਬੱਚਿਆਂ ਲਈ ਪ੍ਰੇਰਨਾ ਦਾ ਸਰੋਤ ਬਣ ਗਿਆ ਹੈ। -ਪੀਟੀਆਈ
ਭਾਰਤ ਦੇ ਅੱਜ ਹੋਣ ਵਾਲੇ ਮੁਕਾਬਲੇ
ਸਮਾਂ ਖੇਡ ਮੈਚ/ਅਥਲੀਟ
ਸ਼ਾਮ 3.30 ਵਜੇ ਕ੍ਰਿਕਟ ਭਾਰਤ ਬਨਾਮ ਪਾਕਿਸਤਾਨ
ਪੁਰਸ਼ ਹਾਕੀ ਭਾਰਤ ਬਨਾਮ ਘਾਨਾ
ਦੁਪਹਿਰ ਦੋ ਵਜੇ ਤੋਂ ਟੇਬਲ ਟੈਨਿਸ (ਪੁਰਸ਼ ਟੀਮ) ਕੁਆਰਟਰ ਫਾਈਨਲ
ਟੇਬਲ ਟੈਨਿਸ (ਮਹਿਲਾ ਟੀਮ) ਸੈਮੀਫਾਈਨਲ
ਦੋ ਵਜੇ ਤੋਂ ਵੇਟਲਿਫਟਿੰਗ ਵਿਦਿਆਰਾਣੀ ਦੇਵੀ (ਮਹਿਲਾ 59 ਕਿਲੋਗ੍ਰਾਮ)
ਜੇਰੈਮੀ ਲਾਲਰਿਨੁੰਗਾ (ਪੁਰਸ਼ 67 ਕਿਲੋਗ੍ਰਾਮ)
ਅੰਚਿਤ ਸ਼ੁਲੀ (ਪੁਰਸ਼ 73 ਕਿਲੋਗ੍ਰਾਮ)
ਤਿੰਨ ਵਜੇ ਤੈਰਾਕੀ ਸਾਜਨ ਪ੍ਰਕਾਸ਼
ਡੇਢ ਵਜੇ ਬੈਡਮਿੰਟਨ ਯੋਗੇਸ਼ਵਰ ਸਿੰਘ
ਦਸ ਵਜੇ ਤੋਂ ਮਿਕਸਡ ਟੀਮ ਕੁਆਰਟਰ ਫਾਈਨਲਜ਼