ਭੁਵਨੇਸ਼ਵਰ, 9 ਅਪਰੈਲ
ਭਾਰਤੀ ਮਹਿਲਾ ਟੀਮ ਅੱਜ ਇੱਥੇ ਆਈਐੱਫਐੇੱਚ ਪ੍ਰੋ ਲੀਗ ਮੁਕਾਬਲੇ ਦੇ ਦੂਜੇ ਮੈਚ ਵਿੱਚ ਨੈਦਰਲੈਂਡਜ਼ ਦੀ ਦੂਜੇ ਦਰਜੇ ਦੀ ਟੀਮ ਹੱਥੋਂ ਸ਼ੂਟਆਊਟ ਵਿੱਚ 1-3 ਨਾਲ ਹਾਰ ਗਈ ਹੈ। ਤੈਅ ਸਮੇਂ ਵਿੱਚ ਦੋਵਾਂ ਟੀਮਾਂ 1-1 ਦੀ ਬਰਾਬਰੀ ’ਤੇ ਸਨ। ਭਾਰਤ ਵੱਲੋਂ ਰਾਜਵਿੰਦਰ ਕੌਰ ਨੇ ਮੈਚ ਦੇ ਪਹਿਲੇ ਹੀ ਮਿੰਟ ਵਿੱਚ ਗੋਲ ਕਰ ਦਿੱਤਾ ਸੀ। ਨੈਦਰਲੈਂਡਜ਼ ਦੀ ਇਸ ਟੀਮ ਵਿੱਚ ਟੋਕੀਓ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਟੀਮ ਦੀ ਕੋਈ ਵੀ ਖਿਡਾਰਨ ਨਹੀਂ ਹੈ। ਨੈਦਰਲੈਂਡਜ਼ ਦੀ ਟੀਮ ਨੇ ਕਪਤਾਨ ਜਾਨਸਨ ਯਿੱਬੀ ਦੀ ਮਦਦ ਨਾਲ 53ਵੇਂ ਮਿੰਟ ਵਿੱਚ ਬਰਾਬਰੀ ਵਾਲਾ ਗੋਲ ਦਾਗਿਆ ਤੇ ਮੈਚ ਨੂੰ ਪੈਨਲਟੀ ਸ਼ੂਟਆਊਟ ਵਿੱਚ ਲੈ ਗਈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਪਹਿਲੇ ਮੈਚ ਵਿੱਚ ਭਾਰਤੀ ਮਹਿਲਾ ਟੀਮ ਨੇ ਨੈਦਰਲੈਂਡਜ਼ ਨੂੰ 2-1 ਨਾਲ ਹਰਾਇਆ ਸੀ। ਨੈਦਰਲੈਂਡਜ਼ ਦੀ ਟੀਮ ਅੱਠ ਮੈਚਾਂ ਵਿੱਚੋਂ 19 ਅੰਕਾਂ ਨਾਲ ਸੂਚੀ ਵਿੱਚ ਪਹਿਲੇ ਸਥਾਨ ’ਤੇ ਹੈ ਜਦਕਿ ਦੂਜੇ ਸਥਾਨ ’ਤੇ ਭਾਰਤ ਦੇ ਅੱਠ ਮੈਚਾਂ ਵਿੱਚੋਂ 16 ਅੰਕ ਹਨ। ਭਾਰਤੀ ਟੀਮ ਹੁਣ 11 ਅਤੇ 12 ਜੂਨ ਅਗਲੇ ਮੈਚ ਖੇਡਣ ਲਈ ਬੈਲਜੀਅਮ ਜਾਵੇਗੀ। -ਪੀਟੀਆਈ
ਹਾਕੀ ਵਿਸ਼ਵ ਕੱਪ: ਭਾਰਤ ਤੇ ਨੈਦਰਲੈਂਡਜ਼ ਵਿਚਾਲੇ ਸੈਮੀ ਫਾਈਨਲ ਅੱਜ
ਪੋਟਚੈਫਸਟੂਰਮ (ਦੱਖਣੀ ਅਫਰੀਕਾ): ਐੱਫਆਈਐੱਚ ਜੂਨੀਅਰ ਮਹਿਲਾ ਵਿਸ਼ਵ ਕੱਪ ਦਾ ਸੈਮੀ ਫਾਈਨਲ ਮੁਕਾਬਲਾ ਐਤਵਾਰ ਨੂੰ ਭਾਰਤ ਅਤੇ ਨੈਦਰਲੈਂਡਜ਼ ਦੀਆਂ ਮਹਿਲਾ ਹਾਕੀ ਟੀਮਾਂ ਵਿਚਾਲੇ ਖੇਡਿਆ ਜਾਵੇਗਾ। ਟੂਰਨਾਮੈਂਟ ਵਿੱਚ ਹੁਣ ਤੱਕ ਜੇਤੂ ਰਹੀ ਭਾਰਤੀ ਟੀਮ ਦੀ ਨਜ਼ਰ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਨੈਦਰਲੈਂਡਜ਼ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ’ਤੇ ਹੋਵੇਗੀ। ਭਾਰਤੀ ਮਹਿਲਾ ਹਾਕੀ ਟੀਮ ਟੂਰਨਾਮੈਂਟ ਵਿੱਚ ਵੇਲਜ਼ ਨੂੰ 5-1, ਜਰਮਨੀ ਨੂੰ 2-1, ਮਲੇਸ਼ੀਆ ਨੂੰ 4-0 ਅਤੇ ਕੋਰੀਆ ਨੂੰ 3-0 ਹਰਾ ਚੁੱਕੀ ਹੈ। -ਪੀਟੀਆਈ