ਹੈਦਰਾਬਾਦ:
ਭਾਰਤੀ ਫੁਟਬਾਲ ਟੀਮ ਮੁੱਖ ਕੋਚ ਮਨੋਲੋ ਮਾਰਕੇਜ਼ ਦੇ ਲਗਪਗ ਚਾਰ ਮਹੀਨੇ ਦੇ ਕਾਰਜਕਾਲ ਤੋਂ ਬਾਅਦ ਵੀ ਆਪਣੀ ਪਹਿਲੀ ਜਿੱਤ ਦੀ ਭਾਲ ਵਿੱਚ ਹੈ ਪਰ ਗੋਲਚੀ ਗੁਰਪ੍ਰੀਤ ਸਿੰਘ ਸੰਧੂ ਨੇ ਅੱਜ ਨੂੰ ਉਸ ਦਾ ਸਮਰਥਨ ਕਰਦਿਆਂ ਕਿਹਾ ਕਿ ਟੀਮ ਦਾ ਟੀਚਾ ਏਐੱਫਸੀ ਏਸ਼ਿਆਈ ਕੱਪ ਲਈ ਕੁਆਲੀਫਾਈ ਕਰਨਾ ਹੈ। ਭਾਰਤ ਨੇ ਆਖਰੀ ਮੈਚ ਪਿਛਲੇ ਸਾਲ 16 ਨਵੰਬਰ ਨੂੰ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਕੁਵੈਤ ਨੂੰ 1-0 ਨਾਲ ਹਰਾ ਕੇ ਜਿੱਤਿਆ ਸੀ। ਇਸ ਤੋਂ ਬਾਅਦ ਟੀਮ ਨੂੰ 11 ’ਚੋਂ 7 ਮੈਚਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਨ ਇਸ ਦੀ ਰੈਂਕਿੰਗ ਖਿਸਕ ਕੇ 125ਵੇਂ ਸਥਾਨ ’ਤੇ ਆ ਗਈ ਹੈ। ਗੁਰਪ੍ਰੀਤ ਨੇ ਮਲੇਸ਼ੀਆ ਖਿਲਾਫ 18 ਨਵੰਬਰ ਨੂੰ ਹੋਣ ਵਾਲੇ ਦੋਸਤਾਨਾ ਮੈਚ ਤੋਂ ਪਹਿਲਾਂ ਕਿਹਾ, ‘ਜੋ ਹੋ ਗਿਆ, ਸੋ ਹੋ ਗਿਆ। ਅਸੀਂ ਇਸ ਵਿੱਚ ਕੁੱਝ ਬਦਲ ਨਹੀਂ ਸਕਦੇ। ਟੀਮ ਵਜੋਂ ਅਸੀਂ ਹਮੇਸ਼ਾ ਜਿੱਤਣਾ ਚਾਹੁੰਦੇ ਹਾਂ।’ ਮਾਰਕੇਜ਼ ਬਾਰੇ ਗੁਰਪ੍ਰੀਤ ਨੇ ਕਿਹਾ, ‘ਸਾਨੂੰ ਇਸ ਗੱਲ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਉਨ੍ਹਾਂ (ਮਾਰਕੇਜ਼) ਦੇ ਅਹੁਦਾ ਸੰਭਾਲਣ ਤੋਂ ਬਾਅਦ ਅਸੀਂ ਚੰਗੀਆਂ ਟੀਮਾਂ ਨਾਲ ਖੇਡਿਆ ਹੈ।’ -ਪੀਟੀਆਈ