ਨਵੀਂ ਦਿੱਲੀ, 4 ਜੁਲਾਈ
ਭਾਰਤੀ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਜਿੱਤ ਕੇ ਅੱਜ ਸਵੇਰੇ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਪਹੁੰਚ ਗਈ। ਪ੍ਰਸ਼ੰਸਕਾਂ ਨੇ ਹਲਕੇ ਮੀਂਹ ਦਰਮਿਆਨ ਹੀ ਹਵਾਈ ਅੱਡੇ ’ਤੇ ਖਿਡਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਹਾਲਾਂਕਿ ਇਸ ਦੌਰਾਨ ਟੀਮ ਇੰਡੀਆ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਖਿਡਾਰੀਆਂ ਦੀ ਇਕ ਝਲਕ ਦੇਖਣ ਲਈ ਇਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੇ ਪ੍ਰਸ਼ੰਸਕ ਮੌਸਮ ਦੀ ਪਰਵਾਹ ਕੀਤੇ ਬਗੈਰ ਨਾਅਰੇ ਲਿਖੇ ਬੈਨਰ ਤੇ ਕੌਮੀ ਝੰਡਾ ਲਹਿਰਾਉਂਦੇ ਰਹੇ। ਉਨ੍ਹਾਂ ਖਿਡਾਰੀਆਂ ਨੂੰ ਵਧਾਈ ਦਿੱਤੀ। ਭਾਰਤੀ ਟੀਮ ਦੇ ਖਿਡਾਰੀਆਂ ਤੇ ਹੋਰ ਸਟਾਫ਼ ਨੇ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਟੀ-20 ਵਿਸ਼ਵ ਕੱਪ ਜੇਤੂ ਟੀਮ ਨੂੰ ਜੀ ਆਇਆਂ ਕਹਿਣ ਲਈ ਪ੍ਰਧਾਨ ਮੰਤਰੀ ਦੀ ਅਧਿਕਾਰਤ ਰਿਹਾਇਸ਼ ’ਤੇ ਰੈੱਡ ਕਾਰਪੈਟ ਵਿਛਾਇਆ ਗਿਆ। ਟੀਮ ਇੰਡੀਆ ਨੇ ਸ੍ਰੀ ਮੋਦੀ ਨਾਲ ਬ੍ਰੇਕਫਾਸਟ ਵੀ ਕੀਤਾ।
ਚੇਤੇ ਰਹੇ ਕਿ ਭਾਰਤੀ ਕ੍ਰਿਕਟ ਟੀਮ ਨੇ ਲੰਘੇ ਸ਼ਨਿੱਚਰਵਾਰ ਨੂੰ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਦੱਖਣੀ ਅਫ਼ਰੀਕਾ ਨੂੰ ਸੱਤ ਦੌੜਾਂ ਨਾਲ ਹਰਾ ਕੇ ਖਿਤਾਬੀ ਜਿੱਤ ਦਰਜ ਕੀਤੀ ਸੀ। ਭਾਰਤੀ ਕ੍ਰਿਕਟ ਟੀਮ ਦੇ ਵੱਡੀ ਗਿਣਤੀ ਪ੍ਰਸ਼ੰਸਕ ਸਵੇਰੇ ਕਰੀਬ ਚਾਰ ਵਜੇ ਹੀ ਹਵਾਈ ਅੱਡੇ ’ਤੇ ਪਹੁੰਚ ਗਏ ਸਨ। ਕਾਬਿਲੇਗੌਰ ਹੈ ਕਿ ਤੂਫਾਨ ਬੈਰਿਲ ਦੇ ਚਲਦਿਆਂ ਬਾਰਬਾਡੋਸ ਵਿਚ ‘ਸ਼ਟਡਾਊਨ’ ਕਰਕੇ ਭਾਰਤੀ ਟੀਮ ਖਿਤਾਬ ਜਿੱਤਣ ਤੋਂ ਫੌਰੀ ਮਗਰੋਂ ਦੇਸ਼ ਨਹੀਂ ਪਰਤ ਸਕੀ ਸੀ। ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਏਆਈਸੀ24ਡਬਲਿਊਸੀ ‘ਏਅਰ ਇੰਡੀਆ ਚੈਂਪੀਅਨਜ਼ 24 ਵਿਸ਼ਵ ਕੱਪ’ ਬੁੱਧਵਾਰ ਨੂੰ ਭਾਰਤੀ ਸਮੇਂ ਮੁਤਾਬਕ ਸਵੇਰੇ 4:50 ਵਜੇ ਬਾਰਬਾਡੋਸ ਤੋਂ ਰਵਾਨਾ ਹੋਇਆ ਸੀ ਤੇ 16 ਘੰਟੇ ਬਿਨਾਂ ਰੁਕੇ ਸਫ਼ਰ ਮਗਰੋਂ ਵੀਰਵਾਰ ਨੂੰ ਸਵੇਰੇ 6 ਵਜੇਂ ਦਿੱਲੀ ਹਵਾਈ ਅੱਡੇ ’ਤੇ ਪਹੁੰਚਿਆ।
ਖਿਡਾਰੀਆਂ ਨੂੰ ਹਵਾਈ ਅੱਡੇ ਤੋਂ ਸਿੱਧਾ ਆਈਟੀਸੀ ਮੌਰਿਆ ਸ਼ੈਰੇਟਨ ਹੋਟਲ ਲਿਜਾਇਆ ਗਿਆ। ਹੋਟਲ ਵਿਚ ਢੋਲ ਤੇ ਰਵਾਇਤੀ ਭੰਗੜੇ ਨਾਲ ਟੀਮ ਇੰਡੀਆ ਨੂੰ ਜੀ ਆਇਆਂ ਆਖਿਆ ਗਿਆ। ਕਪਤਾਨ ਰੋਹਿਤ ਸ਼ਰਮਾ, ਹਰਫਨਮੌਲਾ ਹਾਰਦਿਕ ਪਾਂਡਿਆ, ਸੂਰਿਆਕੁਮਾਰ ਯਾਦਵ ਤੇ ਰਿਸ਼ਭ ਪੰਤ ਸਣੇ ਜ਼ਿਆਦਾਤਰ ਖਿਡਾਰੀਆਂ ਨੇ ਢੋਲ ਦੇ ਡਗੇ ’ਤੇ ਹੋਰਨਾਂ ਨਾਲ ਭੰਗੜਾ ਪਾਇਆ। ਮਗਰੋਂ ਹੋਟਲ ਵਿਚ ਜਿੱਤ ਦੀ ਖ਼ੁਸ਼ੀ ’ਚ ਕੇਕ ਵੀ ਕੱਟਿਆ ਗਿਆ। –ਪੀਟੀਆਈ