ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
ਯੂਨਾਨ ਦੇਸ਼ ਵਿੱਚ ਸੰਨ 1896 ਤੋਂ ਆਰੰਭ ਹੋਈਆਂ ਓਲੰਪਿਕ ਖੇਡਾਂ ਨੂੰ ਅੱਜ ਪੂਰੇ 125 ਸਾਲ ਮੁਕੰਮਲ ਹੋ ਚੁੱਕੇ ਹਨ। ਇਸ ਦੌਰਾਨ ਲੱਖਾਂ ਖਿਡਾਰੀਆਂ ਨੇ ਹੁਣ ਤੱਕ ਇਸ ਖੇਡ ਮਹਾਕੁੰਭ ਵਿੱਚ ਹਿੱਸਾ ਲਿਆ ਹੈ। ਹਜ਼ਾਰਾਂ ਖਿਡਾਰੀ ਆਪਣੀ ਖੇਡ ਪ੍ਰਤਿਭਾ ਦਾ ਮੁਜ਼ਾਹਰਾ ਕਰਦੇ ਹੋਏ ਦਰਜਾ-ਬ-ਦਰਜਾ ਤਗ਼ਮੇ ਹਾਸਲ ਕਰ ਚੁੱਕੇ ਹਨ। ਇਨ੍ਹਾਂ ਸਤਰਾਂ ਵਿੱਚ ਤਗ਼ਮੇ ਜਿੱਤਣ ਵਾਲੇ ਉਨ੍ਹਾਂ ਚੋਣਵੇਂ ਖਿਡਾਰੀਆਂ ਬਾਰੇ ਰੌਚਿਕ ਜਾਣਕਾਰੀ ਦਿੱਤੀ ਜਾ ਰਹੀ ਹੈ, ਜੋ ਓਲੰਪਿਕ ’ਚ ਹਾਜ਼ਰੀ ਲਵਾਉਣ ਸਮੇਂ ਵਡੇਰੀ ਉਮਰ ਦੇ ਸਨ।
* ਸਵੀਡਨ ਦੇ ਨਿਸ਼ਾਨੇਬਾਜ਼ ਆਸਕਰ ਸਵੈਮ ਨੂੰ ਓਲੰਪਿਕ ਖੇਡਾਂ ਵਿੱਚ ਸ਼ਮੂਲੀਅਤ ਕਰਨ ਵਾਲੇ ਸਭ ਤੋਂ ਵਡੇਰੀ ਉਮਰ ਦਾ ਦੂਜਾ ਪ੍ਰਤੀਯੋਗ ਹੋਣ ਦਾ ਮਾਣ ਹਾਸਲ ਹੈ। ਸੰਨ 1920 ਵਿੱਚ ਹੋਈਆਂ ਓਲੰਪਿਕ ਖੇਡਾਂ ਮੌਕੇ ਉਸ ਦੀ ਉਮਰ 72 ਸਾਲ, 281 ਦਿਨ ਸੀ। ਮਜ਼ੇਦਾਰ ਗੱਲ ਹੈ ਕਿ ਲਗਪਗ 77 ਸਾਲ ਦੀ ਉਮਰ ਵਿੱਚ ਵੀ ਉਸ ਨੇ ਸੰਨ 1924 ਵਿੱਚ ਹੋਈਆਂ ਓਲੰਪਿਕ ਖੇਡਾਂ ਲਈ ਕੁਆਲੀਫ਼ਾਈ ਕਰ ਲਿਆ ਸੀ। ਹਾਲਾਂਕਿ ਨਿੱਜੀ ਕਾਰਨਾਂ ਕਰ ਕੇ ਉਸ ਨੇ ਮਗਰੋਂ ਖੇਡਾਂ ਵਿੱਚੋਂ ਆਪਣਾ ਨਾਂ ਵਾਪਸ ਲੈ ਲਿਆ ਸੀ। 1912 ਵਿੱਚ ਹੋਈਆਂ ਓਲੰਪਿਕ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਸੋਨ ਤਗ਼ਮਾ ਜਿੱਤਣ ਮੌਕੇ ਉਸ ਦੀ ਉਮਰ 65 ਸਾਲ ਸੀ। 1920 ਦੀਆਂ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਹਾਸਿਲ ਕਰਨ ਵੇਲੇ ਉਹ ਸਭ ਤੋਂ ਵੱਧ ਉਮਰ ਦਾ ਜੇਤੂ ਖਿਡਾਰੀ ਸੀ।
* ਕੋਈ ਵੇਲਾ ਸੀ ਜਦੋਂ ਓਲੰਪਿਕ ਵਿੱਚ ਚਿੱਤਰਕਾਰੀ ਜਿਹੀਆਂ ਕਲਾਵਾਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਸਨ। 1912 ਤੋਂ ਲੈ ਕੇ 1948 ਤੱਕ ਹੋਈਆਂ ਓਲੰਪਿਕ ਖੇਡਾਂ ਦੌਰਾਨ ਇਹ ਮੁਕਾਬਲੇ ਕਰਵਾਏ ਗਏ। ਬਰਤਾਨਵੀ ਚਿੱਤਰਕਾਰ ਜੌਹਨ ਕੋਪਲੇ ਨੇ ਮੁਕਾਬਲਿਆਂ ਵਿੱਚ ਚਾਂਦੀ ਦਾ ਤਗ਼ਮਾ ਪ੍ਰਾਪਤ ਕੀਤਾ ਸੀ। ਉਦੋਂ ਉਸ ਦੀ ਉਮਰ 74 ਵਰ੍ਹਿਆਂ ਦੀ ਸੀ। ਸਰਕਾਰੀ ਤੌਰ ’ਤੇ ਉਹ ਵਿਸ਼ਵ ਦਾ ਸਭ ਤੋਂ ਵਡੇਰੀ ਉਮਰ ਦਾ ਤਗ਼ਮਾ ਜੇਤੂ ਓਲੰਪੀਅਨ ਮੰਨਿਆ ਜਾਂਦਾ ਹੈ।
* ਆਸਟਰੀਆ ਵਾਸੀ ਆਰਥਰ ਵਾੱਨ ਪੌਂਗਰਜ਼ ਦੂਜਾ ਅਜਿਹਾ ਉਮਰ ਦਰਾਜ਼ ਖਿਡਾਰੀ ਸੀ, ਜੋ 1936 ਵਿੱਚ ਹੋਈਆਂ ਓਲੰਪਿਕ ਖੇਡਾਂ ਦੇ ਡ੍ਰੈਸੇਜ਼(ਘੋੜਸਵਾਰੀ) ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰਨ ਮੌਕੇ 72 ਸਾਲ ਤੇ 49 ਦਿਨ ਦਾ ਸੀ।
* ਅਮਰੀਕੀ ਤੀਰਅੰਦਾਜ਼ ਗੇਲਨ ਕਾਰਟਰ ਸਪੈਂਸਰ ਨੇ 64 ਵਰ੍ਹਿਆਂ ਦੀ ਉਮਰ ਵਿੱਚ 1904 ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਹਾਸਲ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਸੀ।
* ਤਗ਼ਮੇ ਜਿੱਤਣ ਵਾਲੀਆਂ ਉਮਰ-ਦਰਾਜ਼ ਔਰਤਾਂ ਦੀ ਗੱਲ ਕਰੀਏ ਤਾਂ ਬਰਤਾਨਵੀ ਘੋੜਸਵਾਰੀ ਮਾਹਿਰ ਲੌਰਨਾ ਜੌਹਨਸਟੋਨ 1972 ਦੀਆਂ ਓਲੰਪਿਕ ਖੇਡਾਂ ਵਿੱਚ ਸ਼ਾਮਲ ਹੋਣ ਮੌਕੇ 70 ਸਾਲ ਸੀ।