ਬੰਗਲੁਰੂ: ਸਟਾਰ ਵਿਕਟਕੀਪਰ-ਬੱਲੇਬਾਜ਼ ਇਸ਼ਾਨ ਕਿਸ਼ਨ ਇੰਡੀਅਨ ਪ੍ਰੀਮੀਅਰ ਲੀਗ ਨਿਲਾਮੀ ਦੇ ਇਤਿਹਾਸ ਵਿਚ ਯੁਵਰਾਜ ਸਿੰਘ ਤੋਂ ਬਾਅਦ ਦੂਜੇ ਸਭ ਤੋਂ ਮਹਿੰਗੇ ਵਿਕਣ ਵਾਲੇ ਭਾਰਤੀ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੂੰ ਮੁੰਬਈ ਇੰਡੀਅਨਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨਾਲ ਲੰਮੀ ਜੱਦੋਜਹਿਦ ਤੋਂ ਬਾਅਦ 15 ਕਰੋੜ 25 ਲੱਖ ਰੁਪਏ ਵਿਚ ਖ਼ਰੀਦਿਆ। ਇਸ਼ਾਨ ਦਾ ਅਧਾਰ ਮੁੱਲ ਦੋ ਕਰੋੜ ਰੁਪਏ ਸੀ। ਯੁਵਰਾਜ ਨੂੰ ਦਿੱਲੀ ਡੇਅਰਡੇਵਿਲਸ ਨੇ 2015 ਵਿਚ ਰਿਕਾਰਡ 16 ਕਰੋੜ ਰੁਪਏ ਵਿਚ ਖ਼ਰੀਦਿਆ ਸੀ। ਆਈਪੀਐਲ ਦੇ ਇਤਿਹਾਸ ਵਿਚ ਸਭ ਤੋਂ ਮਹਿੰਗੇ ਖਿਡਾਰੀ ਕ੍ਰਿਸ ਮੌਰਿਸ ਹਨ ਜਿਨ੍ਹਾਂ ਨੂੰ 2021 ਵਿਚ ਰਾਜਸਥਾਨ ਰਾਇਲਸ ਨੇ 16.25 ਕਰੋੜ ਰੁਪਏ ਵਿਚ ਖ਼ਰੀਦਿਆ ਸੀ। ਕਿਸ਼ਨ ਤੋਂ ਇਲਾਵਾ ਸ੍ਰੀਲੰਕਾ ਦੇ ਲੈੱਗ ਸਪਿੰਨਰ ਵਨਿੰਦੂ ਹਸਰੰਗ ਤੇ ਵੈਸਟ ਇੰਡੀਜ਼ ਦੇ ਬੱਲੇਬਾਜ਼ ਨਿਕੋਲਸ ਪੂਰਨ ਦੀ ਵੀ ਦਸ ਕਰੋੜ ਰੁਪਏ ਤੋਂ ਵੱਧ ਦੀ ਬੋਲੀ ਲੱਗੀ। ਦੱਸਣਯੋਗ ਹੈ ਕਿ ਬੋਲੀ ਦੌਰਾਨ ਹਿਊਗ ਐਡਮਿਡੀਸ ਦੀ ਸਿਹਤ ਖਰਾਬ ਹੋ ਗਈ ਤੇ ਮਗਰੋਂ ਚਾਰੂ ਸ਼ਰਮਾ ਨੇ ਇਹ ਜ਼ਿੰਮੇਵਾਰੀ ਸੰਭਾਲੀ। ਹਸਰੰਗ ਨੂੰ ਰਾਇਲ ਚੈਲੰਜਰਜ਼ ਬੰਗਲੌਰ ਨੇ ਖ਼ਰੀਦਿਆ। ਜ਼ਿਕਰਯੋਗ ਹੈ ਕਿ ਇਸ਼ਾਨ ਕਿਸ਼ਨ ਪੰਜਾਬ ਕਿੰਗਜ਼ ਨਾਲ ਵੀ ਜੁੜਿਆ ਰਿਹਾ ਹੈ। ਪੂਰਨ ਨੂੰ ਹੈਦਰਾਬਾਦ ਨੇ ਖ਼ਰੀਦਿਆ ਹੈ। ਵਾਸ਼ਿੰਗਟਨ ਸੁੰਦਰ ਨੂੰ ਵੀ ਚੰਗੀ ਕੀਮਤ ਮਿਲੀ। ਸੁੰਦਰ ਲਈ ਗੁਜਰਾਤ, ਪੰਜਾਬ ਤੇ ਦਿੱਲੀ ਨੇ ਜ਼ੋਰ-ਅਜ਼ਮਾਈ ਕੀਤੀ। -ਪੀਟੀਆਈ