ਜੈਪੁਰ, 14 ਮਈ
ਅੱਜ ਇੱਥੇ ਖੇਡੇ ਗਏ ਆਈਪੀਐੱਲ ਮੈਚ ਵਿੱਚ ਰੌਇਲ ਚੈਲੰਜਰਜ਼ ਬੰਗਲੂਰੂ ਨੇ ਰਾਜਸਥਾਨ ਰੌਇਲਜ਼ ਨੂੰ ਇਕਤਰਫਾ ਮੈਚ ਵਿੱਚ 112 ਦੌੜਾਂ ਨਾਲ ਹਰਾਇਆ ਅਤੇ ਟੀਮ ਨੇ ਪਲੇਅ-ਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਨੂੰ ਹੋਰ ਮਜ਼ਬੂਤ ਕਰ ਲਿਆ ਹੈ। ਟਾਸ ਜਿੱਤਣ ਮਗਰੋਂ ਬੰਗਲੂਰੂ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਕਪਤਾਨ ਫਾਫ ਡੁਪਲੇਸੀ (44 ਗੇਂਦਾਂ ‘ਤੇ 55 ਦੌੜਾਂ) ਅਤੇ ਗਲੈਨ ਮੈਕਸਵੈੱਲ (33 ਗੇਂਦਾਂ ‘ਤੇ 54 ਦੌੜਾਂ) ਦੇ ਨੀਮ ਸੈਂਕੜਿਆਂ ਦੀ ਮਦਦ ਨਾਲ ਪੰਜ ਵਿਕਟਾਂ ਦੇ ਨੁਕਸਾਨ ‘ਤੇ 171 ਦੌੜਾਂ ਬਣਾਈਆਂ। ਬੰਗਲੂਰੂ ਦੀ ਟੀਮ 12 ਮੈਚਾਂ ਵਿੱਚ 12 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹੈ। ਬੰਗਲੂਰੂ ਵੱਲੋਂ 172 ਦੌੜਾਂ ਦੇ ਦਿੱਤੇ ਗਏ ਟੀਚੇ ਦਾ ਪਿੱਛਾ ਕਰਦਿਆਂ ਮੇਜ਼ਬਾਨ ਟੀਮ ਪਾਰਨੇਲ (10 ਦੌੜਾਂ ‘ਤੇ ਤਿੰਨ ਵਿਕਟਾਂ), ਮਾਈਕਲ ਬ੍ਰੇਸਵੈੱਲ (16 ਦੌੜਾਂ ‘ਤੇ ਦੋ ਵਿਕਟਾਂ) ਅਤੇ ਕਰਨ ਸ਼ਰਮਾ (19 ਦੌੜਾਂ ‘ਤੇ ਦੋ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ 10.3 ਓਵਰਾਂ ਵਿੱਚ 59 ਦੌੜਾਂ ਹੀ ਬਣਾ ਸਕੀ ਤੇ ਮੈਚ ਹਾਰ ਗਈ। ਰਾਜਸਥਾਨ ਦੀ ਟੀਮ ਵਲੋਂ ਸ਼ਿਮਰੋਨ ਹੈਟਮਾਇਰ (19 ਗੇਂਦਾਂ ਵਿੱਚ 35 ਦੌੜਾਂ) ਹੀ ਸਭ ਤੋਂ ਵੱਧ ਸਕੋਰ ਬਣਾ ਸਕਿਆ। ਟੀਮ ਦਾ ਇਹ ਦੂਸਰਾ ਸਭ ਤੋਂ ਘੱਟ ਸਕੋਰ ਹੈ। ਟੀਚੇ ਦਾ ਪਿੱਛਾ ਕਰਨ ਲਈ ਮੈਦਾਨ ਵਿਚ ਨਿੱਤਰੀ ਰਾਜਸਥਾਨ ਟੀਮ ਦਾ ਪ੍ਰਦਰਸ਼ਨ ਸ਼ੁਰੂ ਤੋਂ ਹੀ ਖਰਾਬ ਰਿਹਾ। -ਪੀਟੀਆਈ