ਮੁੰਬਈ, 10 ਅਪਰੈਲ
ਦਿੱਲੀ ਕੈਪੀਟਲਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਕੋਲਕਾਤਾ ਨਾਈਟਰਾਈਡਰਜ਼ (ਕੇੇਕੇਆਰ) ਨੂੰ 44 ਦੌੜਾਂ ਨਾਲ ਹਰਾ ਦਿੱਤਾ। ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ’ਤੇ 215 ਦੌੜਾਂ ਬਣਾਈਆਂ। ਡੇਵਿਡ ਵਾਰਨਰ ਨੇ 45 ਗੇਂਦਾਂ ’ਤੇ 61 ਦੌੜਾਂ ਦੀ ਪਾਰੀ ਖੇਡੀ। ਉਸ ਨੇ ਪ੍ਰਿਥਵੀ ਸ਼ਾਅ (51 ਦੌੜਾਂ) ਨਾਲ ਪਹਿਲੀ ਵਿਕਟ ਲਈ 93 ਦੌੜਾਂ ਅਤੇ ਕਪਤਾਨ ਰਿਸ਼ਭ ਪੰਤ (27 ਦੌੜਾਂ) ਨਾਲ ਦੂਜੀ ਵਿਕਟ ਲਈ 55 ਦੌੜਾਂ ਜੋੜੀਆਂ। ਸ਼ਰਦੁਲ ਠਾਕੁਰ ਨੇ ਨਾਬਾਦ 29 ਅਤੇ ਅਕਸ਼ਰ ਪਟੇਲ ਨੇ ਨਾਬਾਦ 22 ਦੌੜਾਂ ਦਾ ਯੋਗਦਾਨ ਪਾਇਆ। ਕੇਕੇਆਰ ਵੱਲੋਂ ਸੁਨੀਲ ਨਾਰਾਇਣ ਨੇ 21 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਕੇਕੇਆਰ ਸ਼ੁਰੂ ਵਿੱਚ ਹੀ ਦਬਾਅ ਵਿੱਚ ਆ ਗਈ। ਕਪਤਾਨ ਸ਼੍ਰੇਅਸ ਅਈਅਰ (54 ਦੌੜਾਂ) ਅਤੇ ਨਿਤੀਸ਼ ਰਾਣਾ (30 ਦੌੜਾਂ) ਨੇ ਟੀਮ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਾਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦੀਆਂ ਵਿਕਟਾਂ ਲਗਾਤਾਰ ਡਿਗਦੀਆਂ ਰਹੀਆਂ। ਕੇਕੇਆਰ ਟੀਮ ਅਖ਼ੀਰ ਵਿੱਚ 171 ਦੌੜਾਂ ਤੇ ਆਊਟ ਹੋ ਗਈ। ਸਪਿੰਨਰ ਕੁਲਦੀਪ ਨੇ 35 ਦੌੜਾਂ ਦੇ ਕੇ ਚਾਰ, ਜਦਕਿ ਖਲੀਲ ਅਹਿਮਦ ਨੇ ਤਿੰਨ ਵਿਕਟਾਂ ਲਈਆਂ। -ਪੀਟੀਆਈ