ਅਬੂਧਾਬੀ, 28 ਸਤੰਬਰ
ਮੁਬੰਈ ਇੰਡੀਅਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੁਕਾਬਲੇ ਵਿੱਚ ਮੰਗਲਵਾਰ ਨੂੰ ਪੰਜਾਬ ਕਿੰਗਜ਼ ਦੀ ਟੀਮ ਨੂੰ ਛੇ ਵਿਕਟਾਂ ਨਾਲ ਮਾਤ ਦਿੱਤੀ। ਮੁੰਬਈ ਟੀਮ ਲਈ ਸੌਰਭ ਤਿਵਾੜੀ ਨੇ ਸਭ ਤੋਂ ਜ਼ਿਆਦਾ 45 ਦੌੜਾਂ ਬਣਾਈਆਂ ਜਦੋਂਕਿ ਹਾਦ੍ਰਿਕ ਪਾਂਡਿਆ 40 ਦੌੜਾਂ ਉੱਤੇ ਨਾਬਾਦ ਰਹੇ। ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ਗੁਆ ਕੇ 135 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਮੁੰਬਈ ਇੰਡੀਅਨਜ਼ ਨੇ 19 ਓਵਰਾਂ ਵਿੱਚ ਚਾਰ ਖਿਡਾਰੀਆਂ ਦੇ ਆਊਟ ਹੋਣ ਮਗਰੋਂ 137 ਦੌੜਾਂ ਬਣਾਈਆਂ ਅਤੇ ਮੈਚ ਜਿੱਤ ਲਿਆ। ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਦੀ ਟੀਮ ਏਡਨ ਮਾਰਕਰਾਮ ਵੱਲੋਂ 26 ਗੇਂਦਾਂ ਉੱਤੇ ਬਣਾਈਆਂ ਗਈਆਂ 42 ਦੌੜਾਂ ਦੇ ਬਾਵਜੂਦ ਮੁੰਬਈ ਇੰਡੀਅਨ ਦੇ ਖ਼ਿਲਾਫ਼ ਛੇ ਵਿਕਟਾਂ ਗੁਆ ਕੇ 135 ਦੌੜਾਂ ਹੀ ਬਣਾ ਸਕੀ। ਟੀਮ ਦੀ ਬੱਲੇਬਾਜ਼ੀ ਸ਼ੁਰੂ ਤੋਂ ਹੀ ਖਰਾਬ ਰਹੀ ਅਤੇ 41 ਦੌੜਾਂ ਉੱਤੇ ਟੀਮ ਦੇ ਤਿੰਨ ਖਿਡਾਰੀ ਆਊਟ ਹੋ ਚੁੱਕੇ ਸਨ। ਮਾਰਕਰਾਮ ਨੂੰ ਦੀਪਕ ਹੁੱਡਾ (26 ਗੇਂਦਾਂ ਵਿਚ 28 ਦੌੜਾਂ) ਦਾ ਚੰਗਾ ਸਾਥ ਮਿਲਿਆ। ਦੋਹਾਂ ਨੇ ਪੰਜਵੇਂ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸੇ ਦੌਰਾਨ ਮੁੰਬਈ ਦੇ ਗੇਂਦਬਾਜ਼ਾਂ ਨੇ ਟੀਮ ਲਈ ਕਿਫਾਇਤੀ ਗੇਂਦਬਾਜ਼ੀ ਕੀਤੀ। ਜਸਪ੍ਰੀਤ ਬੁਮਰਾਹ ਨੇ ਪੰਜਾਬ ਦੀ ਟੀਮ ਨੂੰ ਆਪਣੇ ਚਾਰ ਓਵਰਾਂ ਵਿੱਚ ਸਿਰਫ 24 ਦੌੜਾਂ ਬਣਾਉਣ ਦਿੱਤੀਆਂ ਅਤੇ ਕੀਰੋਨ ਪੋਲਾਰਡ ਨੇ ਇਕ ਓਵਰ ਵਿੱਚ ਵਿਰੋਧੀ ਟੀਮ ਨੂੰ 8 ਦੌੜਾਂ ਬਣਾਉਣ ਦਿੱਤੀਆਂ। ਇਨ੍ਹਾਂ ਦੋਹਾਂ ਨੇ ਪੰਜਾਬ ਟੀਮ ਦੇ ਦੋ-ਦੋ ਖਿਡਾਰੀ ਆਊਟ ਕੀਤੇ। ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤਣ ਤੋਂ ਬਾਅਦ ਕੁਨਾਲ ਪਾਂਡਿਆ (24 ਦੌੜਾਂ ਤੇ ਇਕ ਵਿਕਟ) ਨੂੰ ਪਹਿਲਾ ਓਵਰ ਕਰਨ ਲਈ ਦਿੱਤਾ। -ਪੀਟੀਆਈ