ਮੁੰਬਈ, 7 ਜੁਲਾਈ
ਆਈਪੀਐਲ ਦਾ ‘ਇੰਪੈਕਟ ਪਲੇਅਰ ਨਿਯਮ’ ਸਈਦ ਮੁਸ਼ਤਾਕ ਅਲੀ ਟੀ20 ਟਰਾਫੀ ’ਤੇ ਲਾਗੂ ਹੋਵੇਗਾ। ਬੀਸੀਸੀਆਈ ਦੀ ਸਿਖ਼ਰਲੀ ਕੌਂਸਲ ਨੇ ਦੱਸਿਆ ਕਿ 16 ਅਕਤੂਬਰ ਤੋਂ ਸ਼ੁਰੂ ਹੋ ਰਹੇ ਟੂਰਨਾਮੈਂਟ ਵਿਚ ਇਸ ਨਿਯਮ ਨੂੰ ਵਰਤਿਆ ਜਾਵੇਗਾ। ‘ਇੰਪੈਕਟ ਪਲੇਅਰ’ ਨੂੰ ਮੁਸ਼ਤਾਕ ਅਲੀ ਟਰਾਫੀ ਦੇ ਪਿਛਲੇ ਸੀਜ਼ਨ ਵਿਚ ਵੀ ਲਾਗੂ ਕੀਤਾ ਗਿਆ ਸੀ ਪਰ ਇਸ ਨੂੰ 14ਵੇਂ ਓਵਰ ਦੇ ਖ਼ਤਮ ਹੋਣ ਤੋਂ ਪਹਿਲਾਂ ਲਿਆਂਦਾ ਜਾਣਾ ਤੇ ਟਾਸ ਤੋਂ ਪਹਿਲਾਂ ਇਸ ਬਾਰੇ ਦੱਸਣਾ ਲਾਜ਼ਮੀ ਕੀਤਾ ਗਿਆ ਸੀ। ਹਾਲਾਂਕਿ ਅਗਲੇ ਸੀਜ਼ਨ ਵਿਚ ਇਸ ਨੂੰ ਬਦਲ ਦਿੱਤਾ ਜਾਵੇਗਾ ਤੇ ਇਹ ਆਈਪੀਐਲ ਵਾਂਗ ਹੋ ਜਾਵੇਗਾ। ਟਾਸ ਤੋਂ ਪਹਿਲਾਂ ਟੀਮਾਂ ਗਿਆਰਾਂ ਖਿਡਾਰੀਆਂ ਤੋਂ ਇਲਾਵਾ ਚਾਰ ਹੋਰ ਖਿਡਾਰੀਆਂ ਨੂੰ ਵੀ ਨਾਮਜ਼ਦ ਕਰ ਸਕਣਗੀਆਂ। ਚਾਰਾਂ ਵਿਚੋਂ ਇਕ ਨੂੰ ਮੈਚ ਵਿਚ ‘ਇੰਪੈਕਟ ਪਲੇਅਰ’ ਵਜੋਂ ਖਿਡਾਇਆ ਜਾ ਸਕੇਗਾ। ਇਸ ਨਿਯਮ ਦੀ 10 ਆਈਪੀਐਲ ਟੀਮਾਂ ਨੇ ਕਾਫ਼ੀ ਵਰਤੋਂ ਕੀਤੀ ਸੀ। ਹਾਲਾਂਕਿ ਕ੍ਰਿਕਟ ਦੇ ਤਜਰਬੇਕਾਰ ਇਸ ਬਾਰੇ ਵੰਡੇ ਹੋਏ ਹਨ। ਬੀਸੀਸੀਆਈ ਦੀ ਸਿਖ਼ਰਲੀ ਕੌਂਸਲ ਨੇ ਏਸ਼ਿਆਈ ਖੇਡਾਂ ਵਿਚ ਹਿੱਸਾ ਲੈਣ ਲਈ ਪੁਰਸ਼ ਤੇ ਮਹਿਲਾ ਟੀਮ ਨੂੰ ਪ੍ਰਵਾਨਗੀ ਵੀ ਦੇ ਦਿੱਤੀ ਹੈ। -ਪੀਟੀਆਈ