ਕੋਲੰਬੋ: ਸ੍ਰੀਲੰਕਾ ਦੀ 1996 ਦੀ ਵਿਸ਼ਵ ਕ੍ਰਿਕਟ ਕੱਪ ਜੇਤੂ ਟੀਮ ਦੇ ਕਪਤਾਨ ਅਰਜੁਨ ਰਾਣਾਤੁੰਗਾ ਨੇ ਇਸ ਮਹੀਨੇ ਹੋਣ ਵਾਲੀ ਇਕ ਦਿਨਾ ਮੈਚਾਂ ਦੀ ਲੜੀ ਲਈ ‘ਦੂਜੀ ਸ਼੍ਰੇਣੀ’ ਦੀ ਭਾਰਤੀ ਟੀਮ ਦੀ ਮੇਜ਼ਬਾਨੀ ਕਰਨ ’ਤੇ ਆਪਣੇ ਦੇਸ਼ ਦੇ ਕ੍ਰਿਕਟ ਬੋਰਡ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਹੈ ਕਿ ਭਾਰਤ ਵਲੋਂ ਦੂਜੇ ਦਰਜੇ ਦੀ ਟੀਮ ਭੇਜਣਾ ਅਪਮਾਨ ਤੋਂ ਘੱਟ ਨਹੀਂ ਹੈ। ਦੱਸਣਯੋਗ ਹੈ ਕਿ ਭਾਰਤ ਨੇ ਕਪਤਾਨ ਵਿਰਾਟ ਕੋਹਲੀ ਅਤੇ ਉਪ-ਕਪਤਾਨ ਰੋਹਿਤ ਸ਼ਰਮਾ ਦੇ ਇੰਗਲੈਂਡ ਦੌਰੇ ’ਤੇ ਹੋਣ ਕਾਰਨ ਸ਼ਿਖਰ ਧਵਨ ਦੀ ਅਗਵਾਈ ’ਚ ਭਾਰਤ ਦੀ ਘੱਟ ਤਜਰਬੇਕਾਰ ਟੀਮ ਨੂੰ ਸ੍ਰੀਲੰਕਾ ਭੇਜਿਆ ਹੈ। ਇਸ ਟੀਮ ’ਚ ਛੇ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਹਾਲੇ ਤਕ ਕੋਈ ਵੀ ਕੌਮਾਂਤਰੀ ਮੈਚ ਨਹੀਂ ਖੇਡਿਆ। ਦੋ ਸਾਲ ਪਹਿਲਾਂ ਮੰਤਰੀ ਰਹਿ ਚੁੱਕੇ ਸਾਬਕਾ ਕਪਤਾਨ ਰਾਣਾਤੁੰਗਾ ਨੇ ਮੀਡੀਆ ਨੂੰ ਦੱਸਿਆ ਕਿ ਟੈਲੀਵਿਜ਼ਨ ਮਾਰਕੀਟਿੰਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤ ਨਾਲ ਖੇਡਣ ਲਈ ਸਹਿਮਤ ਹੋਣ ਲਈ ਮੌਜੂਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ। ਇਸ ਤੋਂ ਇਲਾਵਾ ਸ੍ਰੀਲੰਕਾ ਦੇ ਪੰਜ ਖਿਡਾਰੀਆਂ ਨੇ ਭਾਰਤ ਖਿਲਾਫ ਲੜੀ ਖੇਡਣ ਤੋਂ ਪਹਿਲਾਂ ਕਰਾਰ ’ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। -ਪੀਟੀਆਈ