ਪਾਲ ਸਿੰਘ ਨੌਲੀ
ਜਲੰਧਰ, 31 ਅਕਤੂਬਰ
ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨਾ ਹੋਵੇਗਾ, ਜਿਸ ਲਈ ਵਿਸ਼ੇਸ਼ ਤੌਰ ਉਤੇ ਪੁਰਾਣੇ ਖਿਡਾਰੀਆਂ ਨੂੰ ਵੀ ਅੱਗੇ ਆਉਣਾ ਹੋਵੇਗਾ। ਇਹ ਗੱਲ ਪੰਜਾਬ ਦੇ ਖੇਡ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਇੱਥੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਚੌਥੀ ਬਾਬਾ ਜੀ ਐੱਸ ਬੋਧੀ ਵੈਟਰਨ ਹਾਕੀ ਲੀਗ ਦੇ ਫ਼ਾਈਨਲ ਮੈਚ ਦੌਰਾਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਹੀ।
ਇਸ ਮੌਕੇ ਪਰਗਟ ਸਿੰਘ, ਜੋ ਸਾਬਕਾ ਹਾਕੀ ਓਲੰਪੀਅਨ ਹਨ, ਨੇ ਵੀ ਵੈਟਰਨ ਖਿਡਾਰੀਆਂ ਨਾਲ ਹਾਕੀ ਮੈਚ ਖੇਡਿਆ। 1996 ਐਟਲਾਂਟਾ ਓਲੰਪਿਕਸ ਵਿੱਚ ਪਰਗਟ ਸਿੰਘ ਦੀ ਕਪਤਾਨੀ ਹੇਠ ਭਾਰਤ ਵੱਲੋਂ ਖੇਡਣ ਵਾਲੇ ਹਰਪ੍ਰੀਤ ਸਿੰਘ ਮੰਡੇਰ ਤੇ ਸੰਜੀਵ ਕੁਮਾਰ ਮੌਕੇ ਉਤੇ ਮੌਜੂਦ ਸੀ। ਤਿੱਕੜੀ ਨੇ ਅੱਜ ਹਾਕੀ ਖੇਡ ਕੇ ਪੁਰਾਣੇ ਦਿਨ ਚੇਤੇ ਕੀਤੇ। ਮੰਤਰੀ ਨੇ ਲਾਇਲਪੁਰ ਖਾਲਸਾ ਕਾਲਜ ਨੂੰ ਹਾਕੀ ਐਸਟੋਟਰਫ ਲਈ 5 ਲੱਖ ਰੁਪਏ ਅਤੇ ਜੀ ਐੱਸ ਬੋਧੀ ਕਲੱਬ ਨੂੰ 2 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਡਾ. ਗੁਰਪਿੰਦਰ ਸਿੰਘ ਸਪਰਾ ਨੇ ਕੈਬਨਿਟ ਮੰਤਰੀ ਪਰਗਟ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਲੀਗ ਦੇ ਮੁੱਖ ਸਪਾਂਸਰ ਬਲਦੇਵ ਸਿੰਘ ਕੰਗ (ਪ੍ਰਬਲ ਟੀਐਮਟੀ ਸਰੀਆ) ਨੇ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਹਾਕੀ ਨਾਲ ਜੁੜੇ ਰਹਿਣਗੇ। ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਨੇ ਸਾਰੇ ਮਹਿਮਾਨਾਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ। ਚੌਥੀ ਬਾਬਾ ਜੀ ਐੱਸ ਬੋਧੀ ਵੈਟਰਨ ਹਾਕੀ ਲੀਗ ਦੇ ਫ਼ਾਈਨਲ ਵਿੱਚ ਓਲੰਪੀਅਨ ਜਗਦੇਵ ਸਿੰਘ ਕਲੱਬ ਜਲੰਧਰ ਨੇ ਨੈਸ਼ਨਲ ਹਾਕੀ ਕਲੱਬ ਕਪੂਰਥਲਾ ਨੂੰ 2-0 ਨਾਲ ਹਰਾ ਕੇ ਟੂਰਨਾਮੈਂਟ ਜਿੱਤਿਆ। ਇਸ ਮੌਕੇ ਹਾਕੀ ਓਲੰਪੀਅਨ ਦਵਿੰਦਰ ਸਿੰਘ ਗਰਚਾ, ਹਾਕੀ ਓਲੰਪੀਅਨ ਵਰਿੰਦਰ ਸਿੰਘ, ਦਰੋਣਾਚਾਰੀਆ ਐਵਾਰਡੀ ਓਲੰਪੀਅਨ ਰਾਜਿੰਦਰ ਸਿੰਘ ਜੂਨੀਅਰ, ਕੁਲਦੀਪ ਸਿੰਘ, ਗੁਰਮੀਤ ਸਿੰਘ ਮੀਤਾ, ਸੁਰਿੰਦਰ ਸਿੰਘ ਭਾਪਾ, ਹਰਿੰਦਰ ਸਿੰਘ ਸੰਘਾ, ਹਾਕੀ ਕੋਚ ਬਲਜੀਤ ਕੌਰ, ਜਗਜੀਤ ਸਿੰਘ, ਗੁਰਮੀਤ ਸਿੰਘ, ਸੁਖਦਰਸ਼ਨ ਕੌਰ ਕੰਗ, ਸੱਤਪਾਲ ਸਿੰਘ ਮੁਨਸ਼ੀ ਹਾਜ਼ਰ ਸਨ।