ਟੋਕੀਓ, 6 ਅਗਸਤ
ਭਾਰਤ ਦੀ ਅਥਲੈਟਿਕਸ ਵਿੱਚ ਓਲੰਪਿਕ ਤਗ਼ਮੇ ਦੀ ਪਿਛਲੇ 100 ਸਾਲ ਦੀ ਉਡੀਕ ਖ਼ਤਮ ਕਰਨ ਲਈ ਸਾਰਿਆਂ ਦੀਆਂ ਨਜ਼ਰਾਂ ਨੀਰਜ ਚੋਪੜਾ ’ਤੇ ਟਿਕੀਆਂ ਹੋਈਆਂ ਹਨ। ਉਹ ਟੋਕੀਓ ਓਲੰਪਿਕ ਵਿੱਚ ਸ਼ਨਿੱਚਰਵਾਰ ਨੂੰ ਪੁਰਸ਼ਾਂ ਦੇ ਜੈਵਲਿਨ ਥਰੋਅ ਦੇ ਫਾਈਨਲ ਵਿੱਚ ਉਤਰੇਗਾ। ਨੀਰਜ ਨੂੰ ਓਲੰਪਿਕ ਤੋਂ ਪਹਿਲਾਂ ਹੀ ਤਗ਼ਮੇ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਅਤੇ ਇਸ 23 ਸਾਲ ਦੇ ਅਥਲੀਟ ਨੇ ਉਮੀਦ ਮੁਤਾਬਕ ਪ੍ਰਦਰਸ਼ਨ ਕਰਦਿਆਂ ਕੁਆਲੀਫਿਕੇਸ਼ਨ ਵਿੱਚ ਆਪਣੇ ਪਹਿਲੇ ਯਤਨ ਵਿੱਚ 86.59 ਮੀਟਰ ਨੇਜ਼ਾ ਸੁੱਟ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਭਾਰਤ ਵੱਲੋਂ ਐਂਟਵਰਪ ਓਲੰਪਿਕ ਵਿੱਚ ਪੰਜ ਖਿਡਾਰੀਆਂ ਨੇ ਹਿੱਸਾ ਲਿਆ ਸੀ, ਜਿਸ ਵਿੱਚੋਂ ਤਿੰਨ ਟਰੈਕ ਐਂਡ ਫੀਲਡ ਦੇ ਅਥਲੀਟ ਸਨ, ਪਰ ਉਦੋਂ ਤੋਂ ਹੁਣ ਤੱਕ ਕੋਈ ਵੀ ਭਾਰਤੀ ਅਥਲੈਟਿਕਸ ਵਿੱਚ ਤਗ਼ਮਾ ਨਹੀਂ ਜਿੱਤ ਸਕਿਆ। ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਹੁਣ ਵੀ ਨਾਰਮਨ ਪ੍ਰਿਚਾਰਡ ਦੇ ਪੈਰਿਸ ਓਲੰਪਿਕ 1900 ਵਿੱਚ 200 ਮੀਟਰ ਅਤੇ 200 ਮੀਟਰ ਅੜਿੱਕਾ ਦੌੜ ਵਿੱਚ ਜਿੱਤੇ ਤਗ਼ਮਿਆਂ ਨੂੰ ਭਾਰਤ ਦੇ ਨਾਮ ਦਰਜ ਕਰਦਾ ਹੈ, ਪਰ ਵੱਖ ਵੱਖ ਖੋਜ ਅਤੇ ਕੌਮਾਂਤਰੀ ਅਥਲੈਟਿਕਸ ਐਸੋਸੀਏਸ਼ਨ (ਹੁਣ ਵਿਸ਼ਵ ਅਥਲੈਟਿਕਸ) ਮੁਤਾਬਕ, ਉਨ੍ਹਾਂ ਨੇ ਉਦੋਂ ਗ੍ਰੇਟ ਬ੍ਰਿਟੇਨ ਦੀ ਨੁਮਾਇੰਦਗੀ ਕੀਤੀ ਸੀ। ਹਰਿਆਣਾ ਵਿੱਚ ਪਾਣੀਪਤ ਦੇ ਨੇੜੇ ਸਥਿਤ ਖਾਂਦਰਾ ਪਿੰਡ ਦੇ ਇੱਕ ਕਿਸਾਨ ਦਾ ਲੜਕਾ ਨੀਰਜ ਤਗ਼ਮਾ ਜਿੱਤ ਕੇ ਇਤਿਹਾਸ ਲਿਖ ਸਕਦਾ ਹੈ। ਮਿਲਖਾ ਸਿੰਘ ਅਤੇ ਪੀਟੀ ਊਸ਼ਾ ਕ੍ਰਮਵਾਰ 1964 ਅਤੇ 1984 ਵਿੱਚ ਥੋੜ੍ਹੇ ਜਿਹੇ ਫ਼ਰਕ ਨਾਲ ਖੁੰਝ ਗਏ ਸਨ। ਚੋਪੜਾ ਇਸ ਸਾਲ 88.07 ਮੀਟਰ ਦੇ ਪ੍ਰਦਰਸ਼ਨ ਨਾਲ ਓਲੰਪਿਕ ਵਿੱਚ ਪਹੁੰਚਿਆ ਹੈ। -ਪੀਟੀਆਈ