ਲੰਡਨ: ਐਸ਼ੇਜ਼ ਅਤੇ ਵੈਸਟ ਇੰਡੀਜ਼ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਹਾਰਨ ਮਗਰੋਂ ਜੋਅ ਰੂਟ ਨੇ ਅੱਜ ਇੰਗਲੈਂਡ ਟੈਸਟ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। ਉਹ ਪੰਜ ਸਾਲ ਇੰਗਲੈਂਡ ਟੈਸਟ ਟੀਮ ਦਾ ਕਪਤਾਨ ਰਿਹਾ ਹੈ। ਇੰਗਲੈਂਡ ਦੇ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ ਰੂਟ ਦੀ ਅਗਵਾਈ ਵਿੱਚ ਟੀਮ ਹਾਲ ਹੀ ਵਿੱਚ ਪੰਜ ਮੈਚਾਂ ਦੀ ਐਸ਼ੇਜ਼ ਲੜੀ 0-4 ਨਾਲ ਅਤੇ ਵੈਸਟ ਇੰਡੀਜ਼ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਵਿੱਚ 0-1 ਨਾਲ ਹਾਰ ਗਈ ਸੀ। 31 ਸਾਲਾ ਇਸ ਖਿਡਾਰੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਇੰਗਲੈਂਡ ਦੇ ਸਾਬਕਾ ਖਿਡਾਰੀਆਂ ਨੇ ਰੂਟ ਨੂੰ ਹਾਰ ਲਈ ਜ਼ਿੰਮੇਵਾਰ ਠਹਿਰਾਇਆ ਸੀ। ਰੂਟ ਨੇ ਕਿਹਾ, ‘‘ਵੈਸਟ ਇੰਡੀਜ਼ ਦੌਰੇ ਤੋਂ ਪਰਤਣ ਅਤੇ ਕਾਫ਼ੀ ਸੋਚ-ਵਿਚਾਰ ਮਗਰੋਂ ਮੈਂ ਇੰਗਲੈਂਡ ਪੁਰਸ਼ ਟੈਸਟ ਟੀਮ ਦੀ ਕਪਤਾਨੀ ਛੱਡਣ ਦਾ ਫ਼ੈਸਲਾ ਕੀਤਾ ਹੈ। ਇਹ ਮੇਰੇ ਕਰੀਅਰ ਦਾ ਸਭ ਤੋਂ ਮੁਸ਼ਕਲ ਚੁਣੌਤੀਪੂਰਨ ਫ਼ੈਸਲਾ ਹੈ, ਪਰ ਮੈਂ ਆਪਣੇ ਪਰਿਵਾਰ ਤੇ ਆਪਣੇ ਕਰੀਬੀ ਲੋਕਾਂ ਨਾਲ ਇਸ ਬਾਰੇ ਚਰਚਾ ਕੀਤੀ ਹੈ; ਫ਼ੈਸਲਾ ਲੈਣ ਦਾ ਇਹੀ ਸਮਾਂ ਸਹੀ ਹੈ।’’ -ਆਈਏਐੱਨਐੱਸ