ਭੁਵਨੇਸ਼ਵਰ: ਦੋ ਸ਼ਾਨਦਾਰ ਜਿੱਤਾਂ ਮਗਰੋਂ ਲੈਅ ’ਚ ਆ ਚੁੱਕੀ ਮੌਜੂਦਾ ਚੈਂਪੀਅਨ ਭਾਰਤੀ ਟੀਮ ਐੱਫਆਈਐੱਚ ਪੁਰਸ਼ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਬੁੱਧਵਾਰ ਨੂੰ ਬੈਲਜੀਅਮ ਖ਼ਿਲਾਫ਼ ਖੇਡੇਗੀ। ਇਸ ਦੌਰਾਨ ਭਾਰਤੀ ਟੀਮ ਦੀਆਂ ਉਮੀਦਾਂ ਆਪਣੇ ਡਰੈਗ ਫਲਿੱਕਰਾਂ ’ਤੇ ਟਿਕੀਆਂ ਹੋਣਗੀਆਂ। ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਭਾਰਤੀ ਟੀਮ ਨੂੰ ਪਹਿਲੇ ਮੈਚ ਵਿੱਚ ਫਰਾਂਸ ਨੇ 5-4 ਨਾਲ ਹਰਾ ਕੇ ਉਲਟਫੇਰ ਕੀਤਾ ਸੀ। ਹਾਲਾਂਕਿ, ਭਾਰਤ ਨੇ ਵਾਪਸੀ ਕਰਦਿਆਂ ਕੈਨੇਡਾ ਨੂੰ 13-1 ਨਾਲ ਅਤੇ ਪੋਲੈਂਡ ਨੂੰ 8-2 ਨਾਲ ਹਰਾ ਕੇ ਪੂਲ ‘ਬੀ’ ਵਿੱਚ ਦੂਜਾ ਸਥਾਨ ਹਾਸਲ ਕੀਤਾ ਸੀ। ਤੀਸਰੀ ਵਾਰ ਖ਼ਿਤਾਬ ਜਿੱਤਣ ਲਈ ਭਾਰਤ ਨੂੰ ਹੁਣ ਹਰੇਕ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ। ਬੈਲਜੀਅਮ ਖ਼ਿਲਾਫ਼ ਕੁਆਰਟਰ ਫਾਈਨਲ ਲਖਨਊ ਵਿੱਚ 2016 ਵਿੱਚ ਖੇਡੇ ਗਏ ਫਾਈਨਲ ਦਾ ਇੱਕ ਤਰ੍ਹਾਂ ਦੁਹਰਾਅ ਹੋਵੇਗਾ, ਜਿਸ ਵਿੱਚ ਭਾਰਤ ਨੇ 2-1 ਨਾਲ ਜਿੱਤ ਦਰਜ ਕੀਤੀ ਸੀ। ਇਹ ਟੱਕਰ ਬਰਾਬਰੀ ਦੀ ਹੋਵੇਗੀ ਅਤੇ ਮੌਕਿਆਂ ਦਾ ਫ਼ਾਇਦਾ ਚੁੱਕਣ ਵਾਲੀ ਟੀਮ ਹੀ ਜਿੱਤ ਦਰਜ ਕਰੇਗੀ। ਭਾਰਤ ਕੋਲ ਉਤਮ ਸਿੰਘ, ਅਰੀਜੀਤ ਸਿੰਘ ਹੁੰਦਲ, ਸੁਦੀਪ ਚਿਰਮਾਕੋ ਅਤੇ ਮਨਿੰਦਰ ਸਿੰਘ ਵਰਗੇ ਸਟਰਾਈਕਰ ਹਨ। ਉਤਮ ਅਤੇ ਮਨਿੰਦਰ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਪੈਨਲਟੀ ਕਾਰਨਰ ਵਿੱਚ ਕਈ ਬਦਲ ਹੋਣ ਦਾ ਵੀ ਭਾਰਤ ਨੂੰ ਫ਼ਾਇਦਾ ਹੈ। ਉਪ ਕਪਤਾਨ ਸੰਜੈ ਕੁਮਾਰ ਵੀ ਲੈਅ ਵਿੱਚ ਹੈ, ਜਿਸ ਨੇ ਫਰਾਂਸ ਅਤੇ ਕੈਨੇਡਾ ਖ਼ਿਲਾਫ਼ ਗੋਲਾਂ ਦੀ ਹੈਟ੍ਰਿਕ ਮਾਰੀ ਹੈ। ਹੁੰਦਲ ਨੇ ਵੀ ਪੋਲੈਂਡ ਖ਼ਿਲਾਫ਼ ਤਿੰਨ ਗੋਲ ਕੀਤੇ ਹਨ। ਭਾਰਤ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ, ‘‘ਖਿਡਾਰੀਆਂ ਨੇ ਬੈਲਜੀਅਮ ਦਾ ਪ੍ਰਦਰਸ਼ਨ ਦੇਖਿਆ ਹੈ ਅਤੇ ਉਹ ਆਤਮਵਿਸ਼ਵਾਸ ਨਾਲ ਭਰਪੂਰ ਹਨ। ਉਮੀਦ ਹੈ ਕਿ ਅਸੀਂ ਇਹ ਮੈਚ ਜਿੱਤਾਂਗੇ।’’ ਭਾਰਤੀ ਕਪਤਾਨ ਵਿਵੇਕ ਨੇ ਕਿਹਾ, ‘‘ਬੈਲਜੀਅਮ ਬਹੁਤ ਚੰਗੀ ਟੀਮ ਹੈ ਅਤੇ ਸਾਨੂੰ ਸਰਬੋਤਮ ਪ੍ਰਦਰਸ਼ਨ ਕਰਨਾ ਹੋਵੇਗਾ।’’ ਉਧਰ, ਬੈਲਜੀਅਮ ਨੇ ਜੂਨੀਅਰ ਵਿਸ਼ਵ ਕੱਪ ਕਦੇ ਨਹੀਂ ਜਿੱਤਿਆ ਅਤੇ ਸੀਨੀਅਰ ਟੀਮ ਦੀ ਸਫਲਤਾ ਨੂੰ ਦੁਹਰਾਉਣ ਦਾ ਉਸ ’ਤੇ ਦਬਾਅ ਹੈ। ਬੈਲਜੀਅਮ ਦੀ ਸੀਨੀਅਰ ਟੀਮ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਹੈ। ਬੈਲਜੀਅਮ ਦੇ ਮੁੱਖ ਕੋਚ ਜੇਰੋਨ ਬਾਰਟ ਨੇ ਕਿਹਾ ਕਿ ਉਸ ਦੇ ਖਿਡਾਰੀਆਂ ਨੂੰ ਭਾਰਤ ਦੇ ਪੈਨਲਟੀ ਕਾਰਨਰ ਮਾਹਿਰਾਂ ਨੂੰ ਰੋਕਣ ਲਈ ਮਜ਼ਬੂਤ ਪ੍ਰਦਰਸ਼ਨ ਕਰਨਾ ਹੋਵੇਗਾ। -ਪੀਟੀਆਈ
ਪਾਕਿਸਤਾਨ ਨੇ ਅਮਰੀਕਾ ਨੂੰ 18-2 ਨਾਲ ਹਰਾਇਆ
ਭੁਬਨੇਸ਼ਵਰ: ਇੱਥੇ ਕਲਿੰਗਾ ਸਟੇਡੀਅਮ ਵਿਚ ਚੱਲ ਰਹੇ ਐੱਫਆਈਐੱਚ ਪੁਰਸ਼ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਇਕ ਮੈਚ ਵਿਚ ਅੱਜ ਪਾਕਿਸਤਾਨ ਨੇ ਅਮਰੀਕਾ ਨੂੰ 18-2 ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ। ਪਾਕਿਸਤਾਨ ਨੇ ਇਹ ਕੌਮਾਂਤਰੀ ਮੈਚ ਵੱਡੇ ਫਰਕ ਨਾਲ ਜਿੱਤਿਆ। ਇਸ ਦੌਰਾਨ ਟੀਮ ਦੇ ਕਪਤਾਨ ਰਾਣਾ ਵਾਹੀਦ ਨੇ ਚਾਰ ਗੋਲ ਕੀਤੇ ਜਦਕਿ ਅਬੂ ਜ਼ਰ ਨੇ ਤਿੰਨ ਗੋਲ ਕਰ ਕੇ ਕੌਮਾਂਤਰੀ ਹੈਟ੍ਰਿਕ ਕੀਤੀ। ਦੱਸਣਯੋਗ ਹੈ ਕਿ ਅਮਰੀਕਾ ਪੂਲ ‘ਸੀ’ ਦੀ ਟੀਮ ਹੈ ਜਦਕਿ ਪਾਕਿਸਤਾਨ ਪੂਲ ‘ਡੀ’ ਦੀ ਟੀਮ ਹੈ। -ਪੀਟੀਆਈ