ਪੱਤਰ ਪ੍ਰੇਰਕ
ਘਨੌਰ, 8 ਅਕਤੂਬਰ
ਇਥੋਂ ਦੇ ਖੇਡ ਸਟੇਡੀਅਮ ਵਿੱਚ ਗੁਰਵਿੰਦਰ ਸਿੰਘ ਅਤੇ ਰਾਜਕ ਖਾਨ ਦੀ ਅਗਵਾਈ ਵਿੱਚ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਦੂਜਾ ਕਬੱਡੀ ਕੱਪ ਕਰਵਾਇਆ ਗਿਆ। ਇਸ ਵਿੱਚ ਭਾਗਲ, ਬਿੱਜਣਪੁਰ, ਘਨੌਰ, ਦੇਵੀਗੜ੍ਹ, ਮੁਕੰਦਪੁਰ, ਥੂਹਾ, ਜੀਂਦ, ਮੰਜੌਲੀ, ਰਿਵਾੜ, ਮੀਮਸਾ, ਜਾਜਣਪੁਰ, ਟਿਵਾਣਾ ਸਮੇਤ ਤਿੰਨ ਦਰਜਨ ਕਬੱਡੀ ਦੀਆਂ ਟੀਮਾਂ ਨੇ ਭਾਗ ਲਿਆ। 75 ਕਿੱਲੋ ਭਾਰ ਵਰਗ ਦੇ ਕਬੱਡੀ ਮੁਕਾਬਲੇ ਵਿੱਚ ਭਾਗਲ ਦੀ ਟੀਮ ਨੇ ਪਹਿਲਾ ਅਤੇ ਬਿੱਜਣਪੁਰ ਨੇ ਦੂਜਾ ਸਥਾਨ ਹਾਸਿਲ ਕੀਤਾ। ਬੰਟੀ ਬਿੱਜਣਪੁਰ ਨੂੰ ਬੈਸਟ ਰੇਡਰ ਅਤੇ ਊਧਮ ਭਾਗਲ ਨੂੰ ਬੈਸਟ ਜਾਫੀ ਐਲਾਨਿਆ ਗਿਆ। ਇਨਾਮ ਵੰਡ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਕੌਮਾਂਤਰੀ ਕਬੱਡੀ ਖਿਡਾਰੀ ਅਤੇ ‘ਆਪ’ ਸਪੋਰਟਸ ਵਿੰਗ ਪੰਜਾਬ ਦੇ ਜੁਆਇੰਟ ਸਕੱਤਰ ਮਨਿੰਦਰਜੀਤ ਸਿੰਘ ਵਿੱਕੀ, ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹਰਵਿੰਦਰ ਸਿੰਘ ਊਕਸੀ, ਚਰਨਜੀਤ ਸਿੰਘ ਝੁੰਗੀਆ, ਗੁਰਦੀਪ ਸਿੰਘ ਰੂੜਕੀ, ਸਰਦਾਰਾ ਸਿੰਘ ਘੁੰਗਰਾ ਅਤੇ ਅਵਤਾਰ ਸਿੰਘ ਅਲਾਮਦੀਪੁਰ ਨੇ ਪ੍ਰਬੰਧਕਾਂ ਵੱਲੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 7100 ਰੁਪਏ ਅਤੇ ਦੂਜਾ ਸਥਾਨ ਮੱਲਣ ਵਾਲੀ ਕਰਨ ਵਾਲੀ ਟੀਮ ਨੂੰ 5100 ਰੁਪਏ ਇਨਾਮ ਰਾਸ਼ੀ ਦਿੱਤੀ। ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਮੋਬਾਈਲ ਫੋਨਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਮਾਂਤਰੀ ਕਬੱਡੀ ਖਿਡਾਰੀ ਖੁਸ਼ਦੀਪ ਸਿੰਘ ਟਿੰਕੂ ਘਨੌਰ, ਤੇਜਿੰਦਰ ਸਿੰਘ ਤੇਜੀ ਘਨੌਰ, ਬਲਵੀਰ ਸਿੰਘ, ਵਰਿੰਦਰ ਸਿੰਘ ਸਮੇਤ ਹੋਰ ਮੌਜੂਦ ਸਨ।