ਦੁਬਈ, 23 ਅਗਸਤ
ਦੱਖਣੀ ਅਫਰੀਕਾ ਦੇ ਮਹਾਨ ਹਰਫਨਮੌਲਾ ਕ੍ਰਿਕਟਰ ਜੈਕ ਕੈਲਿਸ, ਪਾਕਿਸਤਾਨ ਦੇ ਬੱਲੇਬਾਜ਼ ਜ਼ਹੀਰ ਅੱਬਾਸ ਅਤੇ ਪੁਣੇ ‘ਚ ਜੰਮੀ ਆਸਟਰੇਲੀਆਈ ਮਹਿਲਾ ਕਪਤਾਨ ਲੀਜ਼ਾ ਸਟਾਲੇਕਰ ਨੂੰ ਐਤਵਾਰ ਨੂੰ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਦੇ ਹਾਲ ਆਫ ਫੇਮ’ ਚ ਸ਼ਾਮਲ ਕੀਤਾ ਗਿਆ। ਕੈਲਿਸ, ਕ੍ਰਿਕਟ ਦੇ ਸਰਵੋਤਮ ਹਰਫਨਮੌਲਾ ਖਿਡਾਰੀਆਂ ਵਿਚੋਂ ਇਕ ਹੈ, ਜਿਸ ਨੇ 1995 ਤੋਂ 2014 ਤੱਕ ਦੱਖਣੀ ਅਫਰੀਕਾ ਲਈ 166 ਟੈਸਟ, 328 ਇਕ ਦਿਨਾ ਤੇ 25 ਟੀ-20 ਅੰਤਰਰਾਸ਼ਟਰੀ ਮੈਚ ਖੇਡੇ। ਇਸ 44 ਸਾਲਾ ਖਿਡਾਰੀ ਨੇ ਟੈਸਟ (13,289 ਦੌੜਾਂ) ਅਤੇ ਇਕ ਦਿਨਾਂ ਮੈਚਾਂ ਵਿੱਚ (11,579 ਦੌੜਾਂ) ਵਿੱਚ ਦੱਖਣੀ ਅਫਰੀਕਾ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਉਸ ਨੇ ਤੇਜ਼ ਗੇਂਦਬਾਜ਼ ਵਜੋਂ ਟੈਸਟ ਮੈਚਾਂ ਵਿਚ 292 ਅਤੇ ਇਕ ਦਿਨਾਂ ਮੈਚਾਂ ਵਿਚ 273 ਵਿਕਟਾਂ ਲਈਆਂ।