ਨਵੀਂ ਦਿੱਲੀ: ਸਾਬਕਾ ਭਾਰਤੀ ਹਾਕੀ ਖਿਡਾਰੀ ਅਤੇ ਕੋਚ ਐੱਮ.ਕੇ ਕੌਸ਼ਿਕ (66) ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ’ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕੌਸ਼ਿਕ 1980 ਦੇ ਓਲੰਪਿਕ ਦੀ ਸੋਨ ਤਗਮਾ ਜੇਤੂ ਭਾਰਤੀ ਟੀਮ ਦਾ ਮੈਂਬਰ ਸੀ। ਉਹ ਭਾਰਤ ਦੀ ਸੀਨੀਅਰ ਪੁਰਸ਼ ਅਤੇ ਮਹਿਲਾ ਦੋਹਾਂ ਟੀਮਾਂ ਨੂੰ ਕੋਚਿੰਗ ਦੇ ਚੁੱਕਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੇ ਆਕਸੀਜਨ ਦਾ ਪੱਧਰ ਲਗਾਤਾਰ ਵੱਧ-ਘੱਟ ਰਿਹਾ ਹੈ। ਉਸ ਦੀ ਹਾਲਤ ਨਾ ਤਾਂ ਸਥਿਰ ਹੈ ਅਤੇ ਨਾ ਹੀ ਬਹੁਤੀ ਗੰਭੀਰ। -ਪੀਟੀਆਈ