ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 29 ਮਈ
ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੀ ਕਬੱਡੀ ਟੀਮ ਉੱਤਰ ਪ੍ਰਦੇਸ਼ ਚੱਲ ਰਹੀਆਂ ਖੇਲੋ ਇੰਡੀਆ ਖੇਡਾਂ ਦੇ ਫਾਈਨਲ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਨੂੰ ਹਰਾ ਕੇ ਚੈਂਪੀਅਨ ਬਣ ਗਈ ਹੈ।
ਇਸ ਯੂਨੀਵਰਸਿਟੀ ਦੇ ਕੁਲਪਤੀ ਗੁਰਲਾਭ ਸਿੰਘ ਸਿੱਧੂ ਨੇ ਦੱਸਿਆ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਟੀਮ ਨੇ ਯੂਪੀ ਦੇ ਗੌਤਮ ਬੁੱਧ ਨਗਰ ਵਿੱਚ ਹੋਏ ਫਾਈਨਲ ਮੁਕਾਬਲੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਨੂੰ 44-36 ਅੰਕਾਂ ਨਾਲ ਹਰਾਇਆ। ਉਨ੍ਹਾਂ ਯੂਨੀਵਰਸਿਟੀ ਅਧਿਕਾਰੀਆਂ, ਕੋਚ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ।
ਉਪ ਕੁਲਪਤੀ ਪ੍ਰੋਫੈਸਰ ਡਾ. ਐੱਸਕੇ ਬਾਵਾ ਨੇ ਕਿਹਾ ਕਿ ਯੂਨੀਵਰਸਿਟੀ ਦੀ ਟੀਮ ਨੇ ਸਖ਼ਤ ਮਿਹਨਤ, ਉੱਤਮ ਕੋਚਿੰਗ ਅਤੇ ਬਿਹਤਰ ਸਹੂਲਤਾਂ ਕਾਰਨ ਇਹ ਮਾਣਮੱਤੀ ਪ੍ਰਾਪਤੀ ਕੀਤੀ।
ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀ ਰਿੰਕੂ ਸ਼ਰਮਾ ਨੂੰ ਬਿਹਤਰੀਨ ਜਾਫੀ ਤੇ ਹਿਮਾਂਸ਼ੂ ਨੂੰ ਬਿਹਤਰੀਨ ਧਾਵੀ ਐਲਾਨਿਆ ਗਿਆ। ਉਨ੍ਹਾਂ ਦੱਸਿਆ ਕਿ ਏਸ਼ੀਆਈ ਤੇ ਓਲੰਪਿਕ ਖੇਡਾਂ ਵਿੱਚ ਵੀ ਯੂਨੀਵਰਸਿਟੀ ਦੇ ਕਈ ਖਿਡਾਰੀ ਭਾਰਤ ਦੀ ਨੁਮਾਇੰਦਗੀ ਕਰਨਗੇ।