ਚੰਡੀਗੜ੍ਹ, 7 ਦਸੰਬਰ
ਕਰਨਦੀਪ ਕੋਛੜ ਨੇ ਆਪਣੇ ਘਰੇਲੂ ਮੈਦਾਨ ’ਤੇ ਸ਼ਾਨਦਾਰ ਵਾਪਸੀ ਕਰਦਿਆਂ ਪਲੇਅ ਆਫ ਵਿਚ ਅਨਿਰਬਾਨ ਲਾਹਿੜੀ ਨੂੰ ਹਰਾ ਕੇ ਜੀਵ ਮਿਲਖਾ ਸਿੰਘ ਇਨਵੀਟੇਸ਼ਨਲ ਗੋਲਫ ਟੂਰਨਾਮੈਂਟ ਜਿੱਤ ਲਿਆ ਹੈ। ਖਰਾਬ ਮੌਸਮ ਕਾਰਨ ਇਹ ਟੂਰਨਾਮੈਂਟ ਇਕ ਦਿਨ ਬਾਅਦ ਅੱਜ ਸਮਾਪਤ ਹੋਇਆ। ਕੋਛੜ ਵੱਲੋਂ ਟੂਰਨਾਮੈਂਟ ਦੇ ਪਹਿਲੇ ਦੌਰ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਪਰ ਉਸ ਨੇ ਬਾਕੀ ਦੇ ਤਿੰਨਾਂ ਗੇੜਾਂ ਵਿਚ ਵਧੀਆ ਖੇਡ ਦਿਖਾ ਕੇ ਵਾਪਸੀ ਕੀਤੀ। 21 ਸਾਲਾ ਕੋਛੜ ਤੇ ਲਾਹਿੜੀ ਐਤਵਾਰ ਨੂੰ ਪਹਿਲੇ ਦੋ ਪਲੇਅ ਆਫ ਹੋਲ ਤੋਂ ਬਾਅਦ ਬਰਾਬਰੀ ’ਤੇ ਸਨ ਪਰ ਮੌਸਮ ਖਰਾਬ ਹੋਣ ਕਾਰਨ ਮੈਚ ਰੋਕ ਦਿੱਤਾ ਗਿਆ। ਪੀਜੀਟੀਆਈ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਕਿ ਟੂਰਨਾਮੈਂਟ ਨੂੰ ਇਕ ਦਿਨ ਵਧਾਇਆ ਗਿਆ ਹੋਵੇ। ਇਸ ਜਿੱਤ ਨਾਲ ਕੋਛੜ ਨੂੰ 24 ਲੱਖ ਦੇ ਕਰੀਬ ਇਨਾਮੀ ਰਕਮ ਮਿਲੀ ਜਿਸ ਨਾਲ ਉਹ ਸਾਢੇ 33 ਲੱਖ ਦੀ ਕੁੱਲ ਇਨਾਮੀ ਰਾਸ਼ੀ ਨਾਲ ਪੀਜੀਟੀਆਈ ਆਰਡਰ ਆਫ ਮੈਰਿਟ ਵਿਚ ਦੂਜੇ ਤੋਂ ਪਹਿਲੇ ਥਾਂ ’ਤੇ ਪੁੱਜ ਗਿਆ ਹੈ। -ਪੀਟੀਆਈ