ਸੁਨਚਿਓਨ, 7 ਅਪਰੈਲ
ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਕਿਦਾਂਬੀ ਸ੍ਰੀਕਾਂਤ ਨੇ ਵੀਰਵਾਰ ਨੂੰ ਇੱਥੇ ਕੋਰੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰਫਾਈਨਲ ਵਿੱਚ ਥਾਂ ਬਣਾ ਲਈ ਹੈ। ਉਧਰ ਲਕਸ਼ਿਆ ਸੇਨ ਅਤੇ ਮਾਲਵਿਕਾ ਬੰਸੌਡ ਦੂਜੇ ਗੇੜ ਦੇ ਆਪਣੇ ਮੁਕਾਬਲੇ ਹਾਰ ਕੇ ਮੁਕਾਬਲੇ ਤੋਂ ਬਾਹਰ ਹੋ ਗਏ। ਵਿਸ਼ਵ ਦੀ ਸੱਤਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਵਿਸ਼ਵ ਦੀ 26ਵੇਂ ਨੰਬਰ ਦੀ ਖਿਡਾਰਨ ਜਾਪਾਨ ਦੀ ਆਇਆ ਓਹੋਰੀ ਨੂੰ ਇੱਕ ਪਾਸੜ ਮੁਕਾਬਲੇ ਵਿੱਚ 21-15, 21-10 ਨਾਲ ਹਰਾਇਆ। ਓਹੋਰੀ ਵਿਰੁੱਧ ਹੁਣ ਤੱਕ ਹੋਏ ਕੁੱਲ 12 ਮੁਕਾਬਲਿਆਂ ਵਿੱਚ ਸਿੰਧੂ ਨੇ ਜਿੱਤ ਦਰਜ ਕੀਤੀ ਹੈ। ਹੁਣ ਸਿੰਧੂ ਥਾਈਲੈਂਡ ਦੀ ਬੁਸਾਨਨ ਓਂਗਬਾਮਰੂਗਫਾਨ ਨਾਲ ਭਿੜੇਗੀ, ਜਿਸ ਨੂੰ ਉਸ ਨੇ ਪਿਛਲੇ ਮਹੀਨੇ ਸਵਿਸ ਓਪਨ ਦੇ ਫਾਈਨਲ ਵਿੱਚ ਹਰਾਇਆ ਸੀ। ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਸ੍ਰੀਕਾਂਤ ਨੇ ਇਜ਼ਰਾਈਲ ਦੇ ਮਿਸ਼ਾ ਜਿਲਬਰਮੈਨ ਨੂੰ 21-18, 21-16 ਨਾਲ ਹਰਾਇਆ। ਅਗਲੇ ਗੇੜ ਵਿੱਚ ਉਸ ਦਾ ਮੁਕਾਬਲਾ ਸਥਾਨਕ ਦਾਅਵੇਦਾਰ ਅਤੇ ਵਿਸ਼ਵ ਦੇ ਸਾਬਕਾ ਨੰਬਰ ਇੱਕ ਖਿਡਾਰੀ ਸੋਨ ਬਾਨ ਨਾਲ ਹੋਵੇਗਾ। ਰਾਸ਼ਟਰਮੰਡਲ ਖੇਡਾਂ ਦੀ ਚਾਂਦੀ ਦਾ ਤਗ਼ਮਾ ਜੇਤੂ ਵਿਸ਼ਵ ਦੀ ਸੱਤਵੇਂ ਨੰਬਰ ਦੀ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਸਿੰਗਾਪੁਰ ਦੇ ਹੀ ਯੌਂਗ ਕੇਈ ਟੇਰੀ ਅਤੇ ਲੋਹ ਕੀਨ ਹੀਨ ਦੀ ਜੋੜੀ ਨੂੰ 36 ਮਿੰਟਾਂ ਵਿੱਚ 21-15,21-19 ਨਾਲ ਹਰਾ ਕੇ ਆਖਰੀ ਅੱਠਾਂ ਵਿੱਚ ਦਾਖਲਾ ਪਾ ਲਿਆ ਹੈ। ਸੁਮਿਤ ਰੈਡੀ ਅਤੇ ਅਸ਼ਵਨੀ ਪੋਨਅੱਪਾ ਦੀ ਜੋੜੀ ਵੀ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ।
ਜਰਮਨ ਓਪਨ ਅਤੇ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਰੂਪ ਵਿੱਚ ਲਗਾਤਾਰ ਦੋ ਫਾਈਨਲਾਂ ਵਿੱਚ ਥਾਂ ਬਣਾਉਣ ਵਾਲੇ ਛੇਵਾਂ ਦਰਜਾ ਪ੍ਰਾਪਤ ਲਕਸ਼ਿਆ ਅਤੇ ਰੁਸਤਾਵਿਤੋ ਵਿੱਚ ਪਹਿਲੀ ਗੇਮ ਵਿੱਚ ਕਾਫ਼ੀ ਸੰਘਰਸ਼ ਦੇਖਣ ਨੂੰ ਮਿਲਿਆ। ਇਸ ਵਿੱਚ ਇੰਡੋਨੇਸ਼ੀਆ ਦੇ ਖਿਡਾਰੀ ਨੇ ਬਾਜ਼ੀ ਮਾਰ ਲਈ। ਦੂਜੀ ਗੇਮ ਵਿੱਚ ਰੁਸਤਾਵਿਤੋ ਨੇ 20 ਸਾਲ ਦੇ ਭਾਰਤੀ ਖਿਡਾਰੀ ਨੂੰ ਕੋਈ ਮੌਕਾ ਨਾ ਦਿੰਦੇ ਹੋਏ ਮੈਚ ਜਿੱਤ ਲਿਆ। -ਪੀਟੀਆਈ