ਮੁੰਬਈ, 2 ਨਵੰਬਰ
ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਤੀਜੇ ਤੇ ਆਖਰੀ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਬੱਲੇਬਾਜ਼ ਸ਼ੁੱਭਮਨ ਗਿੱਲ ਤੇ ਰਿਸ਼ਭ ਪੰਤ ਤੇ ਨੀਮ ਸੈਂਕੜਿਆਂ ਮਗਰੋਂ ਸਪਿੰਨ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਮੇਜ਼ਬਾਨ ਟੀਮ ਨੇ ਮੈਚ ’ਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਹਾਲਾਂਕਿ ਦੂਜੀ ਪਾਰੀ ਖੇਡਦਿਆਂ ਨੇ ਨਿਊਜ਼ੀਲੈਂਡ ਨੇ ਮੇਜ਼ਬਾਨ ਟੀਮ ਤੋਂ 143 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਮਹਿਮਾਨ ਟੀਮ ਨੇ ਨੌਂ ਵਿਕਟਾਂ ਗੁਆ ਕੇ 171 ਦੌੜਾਂ ਬਣਾ ਲਈਆਂ ਸਨ ਤੇ ਐਜਾਜ਼ ਪਟੇਲ 7 ਦੌੜਾਂ ਬਣਾ ਕੇ ਨਾਬਾਦ ਸੀ। ਮਹਿਮਾਨ ਟੀਮ ਵੱਲੋਂ ਵਿਲ ਯੰਗ ਨੇ 51 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਭਾਰਤੀ ਸਪਿੰਨ ਗੇਂਦਬਾਜ਼ਾਂ ਦੀ ਫਿਰਕੀ ਨੇ ਕਿਵੀ ਖਿਡਾਰੀਆਂ ਨੂੰ ਖਾਸਾ ਤੰਗ ਕੀਤਾ। ਭਾਰਤ ਵੱਲੋਂ ਰਵਿੰਦਰ ਜਡੇਜਾ ਨੇ 4 ਤੇ ਆਰ ਅਸ਼ਿਵਨ ਨੇ 3 ਵਿਕਟਾਂ ਹਾਸਲ ਕੀਤੀਆਂ।
ਇਸ ਤੋਂ ਪਹਿਲਾਂ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਭਾਰਤੀ ਟੀਮ ਸ਼ੁਭਮਨ ਗਿੱਲ ਦੀਆਂ 90 ਦੌੜਾਂ ਸਦਕਾ ਪਹਿਲੀ ਪਾਰੀ ਵਿਚ 263 ਦੌੜਾਂ ਬਣਾ ਕੇ ਆਊਟ ਹੋ ਗਈ। ਹਾਲਾਂਕਿ ਗਿੱਲ (90 ਦੌੜਾਂ) ਮਹਿਜ਼ 10 ਦੌੜਾਂ ਨਾਲ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਰਿਸ਼ਭ ਪੰਤ ਨੇ 60 ਦੌੜਾਂ ਦੀ ਹਮਲਾਵਰ ਪਾਰੀ ਖੇਡੀ ਜਦਕਿ ਵਾਸ਼ਿੰਗਟਨ ਸੁੰਦਰ ਨੇ 36 ਗੇਂਦਾਂ ’ਤੇ 38 ਦੌੜਾਂ ਬਣਾਈਆਂ। ਪਹਿਲੀ ਪਾਰੀ ਦੇ ਆਧਾਰ ’ਤੇ ਭਾਰਤ ਨੇ ਨਿਊਜ਼ੀਲੈਂਡ ਤੋਂ 28 ਦੀ ਲੀਡ ਹਾਸਲ ਕੀਤੀ ਸੀ। ਨਿਊੁਜ਼ੀਲੈਂਡ ਵੱਲੋਂ ਐਜਾਜ਼ ਪਟੇਲ ਨੇ ਸਭ ਤੋਂ ਵੱਧ ਪੰਜ ਵਿਕਟਾਂ ਲਈਆਂ। ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿਚ 235 ਦੌੜਾਂ ਬਣਾਈਆਂ ਸਨ। ਦੂਜੇ ਦਿਨ ਦੀ ਖੇਡ ਦੌਰਾਨ ਅੱਜ ਕੁੱਲ 15 ਵਿਕਟਾਂ ਡਿੱਗੀਆਂ। ਜ਼ਿਕਰਯੋਗ ਹੈ ਤਿੰਨ ਟੈਸਟ ਮੈਚਾਂ ਦੀ ਲੜੀ ’ਚ ਨਿਊਜ਼ੀਲੈਂਡ ਟੀਮ 2-0 ਨਾਲ ਅੱਗੇ ਹੈ। -ਪੀਟੀਆਈ