ਟੋਕੀਓ, 27 ਜੁਲਾਈ
ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਨੇ ਅੱਜ ਇੱਥੇ ਜਰਮਨੀ ਦੀ ਮਾਹਿਰ ਨੇਦਿਨ ਐਪਟਜ਼ ਨੂੰ ਸਖ਼ਤ ਮੁਕਾਬਲੇ ਵਿੱਚ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਹੈ। ਇੱਥੇ ਰਿੰਗ ਵਿੱਚ ਉਤਰਨ ਵਾਲੀ ਇਕਲੌਤੀ ਭਾਰਤੀ ਮੁੱਕੇਬਾਜ਼ ਲਵਲੀਨਾ ਨੇ ਪ੍ਰੀ-ਕੁਆਰਟਰਜ਼ ਵਿੱਚ ਆਪਣੇ ਤੋਂ 12 ਸਾਲ ਵੱਡੀ ਐਪਟਜ਼ ਨੂੰ 3-2 ਨਾਲ ਸ਼ਿਕਸਤ ਦਿੱਤੀ। ਦੋਵੇਂ ਮੁੱਕੇਬਾਜ਼ ਆਪਣਾ ਪਲੇਠਾ ਓਲੰਪਿਕ ਖੇਡ ਰਹੀਆਂ ਹਨ। ਲਵਲੀਨਾ ਭਾਰਤ ਦੀ ਨੌਂ ਮੈਂਬਰੀ ਟੀਮ ’ਚੋਂ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਮੁੱਕੇਬਾਜ਼ ਹੈ। 23 ਸਾਲ ਦੀ ਲਵਲੀਨਾ ਨੇ ਸ਼ਾਨਦਾਰ ਜਜ਼ਬੇ ਦਾ ਮੁਜ਼ਾਹਰਾ ਕਰਦਿਆਂ ਕਰੀਬੀ ਫ਼ਰਕ ਨਾਲ ਜਿੱਤ ਦਰਜ ਕੀਤੀ। ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਜਰਮਨੀ ਦੀ ਪਹਿਲੀ ਮਹਿਲਾ ਮੁੱਕੇਬਾਜ਼ ਐਪਟਜ਼ ਸਾਬਕਾ ਯੂਰੋਪੀ ਚੈਂਪੀਅਨ ਹੈ। ਕੌਮੀ ਮਹਿਲਾ ਮੁੱਕੇਬਾਜ਼ੀ ਕੋਚ ਮੁਹੰਮਦ ਅਲੀ ਕਮਰ ਨੇ ਕਿਹਾ, ‘‘ਬਹੁਤ ਜ਼ਿਆਦਾ ਹਮਲਾਵਰ ਹੋਣ ਦੀ ਲੋੜ ਨਹੀਂ ਸੀ, ਲਵਲੀਨਾ ਏਨੀ ਚੁਸਤ ਹੈ ਕਿ ਪਲਟਵਾਰ ਕਰਕੇ ਵੀ ਅੰਕ ਬਣਾ ਸਕਦੀ ਹੈ।’’ ਲਵਲੀਨਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੋ ਅਤੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਇੱਕ ਵਾਰ ਕਾਂਸੀ ਦਾ ਤਗ਼ਮਾ ਜਿੱਤ ਚੁੱਕੀ ਹੈ। ਅਗਲੇ ਗੇੜ ਵਿੱਚ 30 ਜੁਲਾਈ ਨੂੰ ਚੀਨੀ ਤਾਇਪੇ ਦੀ ਨਈਨ ਚਿਨ ਚੇਨ ਨਾਲ ਭਿੜੇਗੀ, ਜੋ ਸਾਬਕਾ ਵਿਸ਼ਵ ਚੈਂਪੀਅਨ ਹੈ। -ਪੀਟੀਆਈ