ਟੋਕੀਓ, 4 ਅਗਸਤ
ਭਾਰਤ ਦੀ ਸਟਾਰ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਅੱਜ ਟੋਕੀਓ ਓਲੰਪਿਕ ਵਿੱਚ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ ਹੈ। ਲਵਲੀਨਾ ਅੱਜ ਇੱਥੇ ਮਹਿਲਾਵਾਂ ਦੇ ਵੈਲਟਰਵੇਟ ਵਰਗ (69 ਕਿਲੋਗ੍ਰਾਮ) ਦੇ ਸੈਮੀ ਫਾਈਨਲ ਵਿੱਚ ਤੁਰਕੀ ਦੀ ਮੌਜੂਦਾ ਵਿਸ਼ਵ ਚੈਂਪੀਅਨ ਬੁਸੇਨਾਜ਼ ਸੁਰਮੇਨੇਲੀ ਤੋਂ ਇਕਪਾਸੜ ਮੁਕਾਬਲੇ ਵਿੱਚ ਹਾਰ ਗਈ। ਇਸ ਦੇ ਨਾਲ ਹੀ ਟੋਕੀਓ ਓਲੰਪਿਕ ਵਿੱਚ ਭਾਰਤੀ ਮੁੱਕੇਬਾਜ਼ਾਂ ਦੀ ਚੁਣੌਤੀ ਖ਼ਤਮ ਹੋ ਗਈ ਹੈ। ਆਪਣਾ ਪਲੇਠਾ ਓਲੰਪਿਕ ਖੇਡ ਰਹੀ ਤੇ ਵਿਸ਼ਵ ਚੈਂਪੀਅਨਸ਼ਿਪ ’ਚ ਦੋ ਵਾਰ ਕਾਂਸੀ ਦਾ ਤਗ਼ਮਾ ਜੇਤੂ ਲਵਲੀਨਾ ਖ਼ਿਲਾਫ਼ ਬੁਸੇਨਾਜ਼ ਨੇ ਸ਼ੁਰੂ ਤੋਂ ਹੀ ਦਬਦਬਾ ਬਣਾ ਕੇ ਰੱਖਿਆ। ਤੁਰਕ ਮੁੱਕੇਬਾਜ਼ ਨੇ ਸਰਬਸੰਮਤੀ ਵਾਲੇ ਫ਼ੈਸਲੇ ਵਿੱਚ 5-0 ਨਾਲ ਜਿੱਤ ਦਰਜ ਕੀਤੀ। ਟੋਕੀਓ ਖੇਡਾਂ ਵਿੱਚ ਇਹ ਭਾਰਤ ਦਾ ਤੀਜਾ ਤਗ਼ਮਾ ਹੈ। ਇਸ ਤੋਂ ਪਹਿਲਾਂ ਵੇਟਲਿਫਟਿੰਗ ਵਿੱਚ ਮੀਰਾਬਾਈ ਚਾਨੂ ਨੇ ਚਾਂਦੀ, ਜਦਕਿ ਬੈਡਮਿੰਟਨ ਵਿੱਚ ਪੀਵੀ ਸਿੰਧੂ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ। ਲਵਲੀਨਾ ਦਾ ਤਗ਼ਮਾ ਪਿਛਲੇ ਨੌਂ ਸਾਲਾਂ ਵਿੱਚ ਭਾਰਤ ਦਾ ਓਲੰਪਿਕ ਮੁੱਕੇਬਾਜ਼ੀ ਵਿੱਚ ਪਹਿਲਾ ਤਗ਼ਮਾ ਹੈ। ਅਸਾਮ ਦੀ ਮੁੱਕੇਬਾਜ਼ ਨੂੰ ਮੈਚ ਦੌਰਾਨ ਕਈ ਚਿਤਾਵਨੀਆਂ ਦੇ ਬਾਵਜੂਦ ਰੈਫਰੀ ਦੇ ਨਿਰਦੇਸ਼ ਨਾ ਮੰਨਣ ਕਾਰਨ ਦੂਜੇ ਗੇੜ ਵਿੱਚ ਇੱਕ ਅੰਕ ਦੀ ਕਟੌਤੀ ਦਾ ਸਾਹਮਣਾ ਵੀ ਕਰਨਾ ਪਿਆ। ਲਵਲੀਨਾ ਨੇ ਮੈਚ ਉਪਰੰਤ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਮੈਨੂੰ ਕੀ ਕਹਿਣਾ ਚਾਹੀਦਾ ਹੈ। ਮੈਂ ਜੋ ਯੋਜਨਾ ਬਣਾਈ ਸੀ, ਉਸ ਨੂੰ ਲਾਗੂ ਨਹੀਂ ਕਰ ਸਕੀ। ਮੈਂ ਇਸ ਤੋਂ ਬਿਹਤਰ ਕਰ ਸਕਦੀ ਸੀ।’’ ਲਵਲੀਨਾ ਓਲੰਪਿਕ ਮੁੱਕੇਬਾਜ਼ੀ ਦੇ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਭਾਰਤੀ ਮੁੱਕੇਬਾਜ਼ ਬਣਨ ਲਈ ਚੁਣੌਤੀ ਪੇਸ਼ ਕਰ ਰਹੀ ਸੀ, ਪਰ ਵਿਸ਼ਵ ਚੈਂਪੀਅਨ ਬੁਸੇਨਾਜ਼ ਨੇ ਉਸ ਦਾ ਸੁਫ਼ਨਾ ਤੋੜ ਦਿੱਤਾ। ਲਵਲੀਨਾ ਹਾਲਾਂਕਿ ਕੁਆਰਟਰ ਫਾਈਨਲ ਵਿੱਚ ਚੀਨੀ ਤਾਇਪੇ ਦੀ ਮੁੱਕੇਬਾਜ਼ ਨੂੰ ਹਰਾ ਕੇ ਪਹਿਲਾਂ ਹੀ ਤਗ਼ਮਾ ਪੱਕਾ ਕਰ ਕੇ ਇਤਿਹਾਸ ਦੇ ਪੰਨਿਆਂ ’ਤੇ ਨਾਮ ਲਿਖ ਚੁੱਕੀ ਸੀ। ਇਸ ਦੇ ਨਾਲ ਹੀ 23 ਸਾਲਾ ਲਵਲੀਨਾ ਨੇ ਵਿਜੇਂਦਰ ਸਿੰਘ (ਪੇਈਚਿੰਗ-2008) ਅਤੇ ਐੱਮਸੀ ਮੈਰੀਕੌਮ (ਲੰਡਨ-2012) ਦੀ ਬਰਾਬਰੀ ਕੀਤੀ ਹੈ। ਵਿਜੇਂਦਰ ਅਤੇ ਮੇਰੀਕੌਮ ਨੇ ਵੀ ਓਲੰਪਿਕ ’ਚ ਕਾਂਸੀ ਦੇ ਤਗ਼ਮੇ ਜਿੱਤੇ ਸਨ। -ਪੀਟੀਆਈ
ਪ੍ਰਧਾਨ ਮੰਤਰੀ ਵੱਲੋਂ ਲਵਲੀਨਾ ਨੂੰ ਵਧਾਈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਓਲੰਪਿਕ ਦੇ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਲਵਲੀਨਾ ਬੋਰਗੋਹੇਨ ਨੂੰ ਵਧਾਈ ਦਿੰਦਿਆਂ ਮਹਿਲਾ ਮੁੱਕੇਬਾਜ਼ ਦੀ ਦਿੜ੍ਹਤਾ ਤੇ ਸਮਰਪਣ ਭਾਵਨਾ ਦੀ ਤਾਰੀਫ਼ ਕੀਤੀ ਹੈ। ਸ੍ਰੀ ਮੋਦੀ ਨੇ ਇਕ ਟਵੀਟ ਵਿੱਚ ਕਿਹਾ, ‘‘ਚੰਗਾ ਮੁਕਾਬਲਾ ਲਵਲੀਨਾ ਬੋਰਗੋਹੇਨ। ਮੁੱਕੇਬਾਜ਼ੀ ਰਿੰਗ ਵਿੱਚ ਉਨ੍ਹਾਂ ਦੀ ਸਫ਼ਲਤਾ ਨਾਲ ਕਈ ਭਾਰਤੀਆਂ ਨੂੰ ਪ੍ਰੇਰਨਾ ਮਿਲੀ ਹੈ। ਉਨ੍ਹਾਂ ਦੀ ਦਿੜ੍ਹਤਾ ਤੇ ਸਮਰਪਣ ਦੀ ਤਾਰੀਫ਼ ਕਰਨੀ ਬਣਦੀ ਹੈ। ਕਾਂਸੀ ਜਿੱਤਣ ਲਈ ਉਨ੍ਹਾਂ ਨੂੰ ਵਧਾਈ ਤੇ ਭਵਿੱਖ ਲਈ ਸ਼ੁਭਕਾਮਨਾਵਾਂ।’’ -ਪੀਟੀਆਈ