ਕੁਆਲਾਲੰਪੁਰ: ਬੈਡਮਿੰਟਨ ਵਿੱਚ ਦੋ ਵਾਰ ਓਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਤੇ ਥਾਮਸ ਕੱਪ ਵਿੱਚ ਭਾਰਤ ਦੀ ਖ਼ਿਤਾਬੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਐੱਚਐੱਸ ਪ੍ਰਣਯ ਨੇ ਵੀਰਵਾਰ ਨੂੰ ਇਥੇ ਮਲੇਸ਼ੀਆ ਓਪਨ ਸੁਪਰ 750 ਟੂਰਨਾਮੈਂਟ ਦੇ ਕੁਆਰਟ ਫਾਈਨਲ ਵਿੱਚ ਥਾਂ ਬਣਾ ਲਈ ਹੈ। ਪ੍ਰਣਯ ਨੇ ਵੱਡਾ ਉਲਟਫੇਰ ਕਰਦਿਆਂ ਦੁਨੀਆਂ ਦੇ ਚੌਥੇ ਨੰਬਰ ਦੇ ਖਿਡਾਰੀ ਚੀਨੀ ਤਾਇਪੇ ਦੇ ਚਾਊ ਤਿਏਨ ਚੇਨ ਨੂੰ 30 ਮਿੰਟ ਤੋਂ ਵੱਧ ਚਲੇ ਮੁਕਾਬਲੇ ਵਿੱਚ 21-15, 21-7 ਨਾਲ ਮਾਤ ਦਿੱਤੀ। 29 ਵਰ੍ਹਿਆਂ ਦੇ ਪ੍ਰਣਯ ਨੇ ਦੋਹਾਂ ਮੁਕਾਬਲਿਆਂ ਵਿੱਚ ਧੀਮੀ ਗਤੀ ਨਾਲ ਸ਼ੁਰੂਆਤ ਕੀਤੀ ਤੇ ਲੈਅ ਵਿੱਚ ਆਉਂਦਿਆਂ ਲਗਾਤਾਰ 12 ਅੰਕ ਜਿੱਤ ਕੇ ਅੰਤਿਮ ਅੱਠਾਂ ਖਿਡਾਰੀਆਂ ਵਿੱਚ ਥਾਂ ਬਣਾਈ। ਅਗਲੇ ਦੌਰ ਵਿੱਚ ਉਸ ਦਾ ਮੁਕਾਬਲਾ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨਾਲ ਹੋਵੇਗਾ। ਇਸੇ ਦੌਰਾਨ ਸਾਬਕਾ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੇ ਥਾਈਲੈਂਡ ਦੀ ਖਿਡਾਰਨ ਚੇਈਵਾਨ ਨਾਲ ਪਹਿਲੀ ਗੇਮ ਹਾਰਨ ਮਗਰੋਂ ਦੂਸਰੇ ਦੌਰ ਵਿੱਚ 57 ਮਿੰਟ ਚਲੇ ਮੁਕਾਬਲੇ ਵਿੱਚ ਉਸ ਨੂੰ 19-21 21-9 21-14 ਨਾਲ ਹਰਾਇਆ। ਅਗਲੇ ਦੌਰ ਵਿਚ ਸਿੰਧੂ ਦਾ ਮੁਕਾਬਲਾ ਚੀਨੀ ਤਾਇਪੇ ਦੀ ਖਿਡਾਰਨ ਤਾਇ ਜੂ ਯਿੰਗ ਨਾਲ ਹੋਵੇਗਾ ਜਿਸ ਦੇ ਖ਼ਿਲਾਫ਼ ਸਿੰਧੂ ਨੇ 15 ਮੁਕਾਬਲੇ ਹਾਰੇ ਹਨ ਤੇ ਪੰਜ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ। -ਪੀਟੀਆਈ