ਕੁਆਲਾਲੰਪੁਰ, 26 ਮਈ
ਭਾਰਤ ਦੇ ਸਟਾਰ ਖਿਡਾਰੀ ਪੀਵੀ ਸਿੰਧੂ ਤੇ ਐੱਚ ਐੱਸ ਪ੍ਰਣੌਇ ਨੇ ਅੱਜ ਇੱਥੇ ਕ੍ਰਮਵਾਰ ਮਹਿਲਾ ਤੇ ਪੁਰਸ਼ ਸਿੰਗਲਜ਼ ਦੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਥਾਂ ਬਣਾ ਲਈ ਹੈ। ਪੀਵੀ ਸਿੰਧੂ ਨੇ ਚੀਨ ਦੀ ਯੀ ਮੈਨ ਝਾਂਗ ਨੂੰ ਸਖ਼ਤ ਮੁਕਾਬਲੇ ਵਿੱਚ ਸ਼ਿਕਸਤ ਦਿੱਤੀ। ਹਾਲਾਂਕਿ, ਪੁਰਸ਼ ਸਿੰਗਲਜ਼ ਵਿੱਚ ਕਿਦਾਂਬੀ ਸ੍ਰੀਕਾਂਤ ਹਾਰ ਕੇ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ। ਓਲੰਪਿਕ ਵਿੱਚ ਦੋ ਤਗ਼ਮੇ ਜੇਤੂ ਤੇ ਛੇਵਾਂ ਦਰਜਾ ਪ੍ਰਾਪਤ ਪੀਵੀ ਸਿੰਧੂ ਨੇ ਯਾਂਗ ਨੂੰ ਇੱਕ ਘੰਟਾ 14 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-16, 13-21, 22-20 ਸ਼ਿਕਸਤ ਦਿੱਤੀ। ਵਿਸ਼ਵ ਦੀ 13ਵੇਂ ਨੰਬਰ ਦੀ ਖਿਡਾਰਨ ਸਿੰਧੂ ਇਸ ਸਾਲ ਸ਼ੁਰੂ ਵਿੱਚ ਆਲ ਇੰਗਲੈਂਡ ਓਪਨ ਵਿੱਚ ਯਾਂਗ ਤੋਂ 32ਵੇਂ ਗੇੜ ਵਿੱਚ ਹਾਰ ਗਈ ਸੀ। ਇਸ ਜਿੱਤ ਨਾਲ ਸਿੰਧੂ ਨੇ ਆਪਣਾ ਬਦਲਾ ਵੀ ਲੈ ਲਿਆ ਹੈ।
ਭਾਰਤੀ ਸਟਾਰ ਖਿਡਾਰਨ ਹੁਣ ਭਲਕੇ ਸ਼ਨਿਚਰਵਾਰ ਨੂੰ ਇੰਡੋਨੇਸ਼ੀਆ ਦੀ ਗ੍ਰੈਗਰੀਆ ਮਾਰਿਸਕਾ ਤੁਨਜੁੰਗ ਨਾਲ ਭਿੜੇਗੀ। ਤੁਨਜੁੰਗ ਨੇ ਕੁਆਰਟਰ ਫਾਈਨਲ ਵਿੱਚ ਚੀਨ ਦੀ ਦੂਜਾ ਦਰਜਾ ਪ੍ਰਾਪਤ ਖਿਡਾਰਨ ਯੀ ਯਾਈ ਵਾਂਗ ਨੂੰ 21-18, 22-20 ਨਾਲ ਹਰਾ ਕੇ ਉਲਟਫੇਰ ਕੀਤਾ ਹੈ। ਤੁਨਜੁੰਗ ਇਸ ਸਮੇਂ ਪੂਰੀ ਲੈਅ ਵਿੱਚ ਹੈ ਅਤੇ ਸਿੰਧੂ ਅਪਰੈਲ ਮਹੀਨੇ ਮੈਡਰਿਡ ਸਪੇਨ ਮਾਸਟਰਜ਼ ਫਾਈਨਲ ਵਿੱਚ ਉਸ ਤੋਂ ਸਿੱਧੇ ਸੈੱਟਾਂ ਵਿੱਚ ਹਾਰ ਗਈ ਸੀ। ਉਧਰ, ਪੁਰਸ਼ ਸਿੰਗਲਜ਼ ਵਿੱਚ ਕਿਦਾਂਬੀ ਸ੍ਰੀਕਾਂਤ ਨੂੰ ਇੰਡੋਨੇਸ਼ੀਆ ਦੇ ਕੁਆਲੀਫਾਇਰ ਕ੍ਰਿਸਟੀਅਨ ਐਡੀਨਾਤਾ ਕੋਲੋਂ 21-16, 16-21, 11-21 ਨਾਲ ਹਾਰ ਝੱਲਣੀ ਪਈ। ਉਹ 57 ਮਿੰਟ ਤੱਕ ਚੱਲੇ ਇਸ ਕੁਆਰਟਰ ਫਾਈਨਲ ਵਿੱਚ ਹਾਰ ਕੇ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ। -ਪੀਟੀਆਈ