ਨਵੀਂ ਦਿੱਲੀ: ਨੌਜਵਾਨ ਸਟ੍ਰਾਈਕਰ ਮਨੀਸ਼ਾ ਕਲਿਆਣ ਯੂਈਐੱਫਏ ਮਹਿਲਾ ਚੈਂਪੀਅਨਜ਼ ਲੀਗ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਫੁਟਬਾਲਰ ਬਣ ਗਈ ਹੈ। ਉਸ ਨੇ ਸਾਈਪ੍ਰਸ ਵਿੱਚ ਯੂਰੋਪੀਅਨ ਕਲੱਬ ਟੂਰਨਾਮੈਂਟ ਵਿੱਚ ਅਪੋਲੋ ਲੇਡੀਜ਼ ਐੱਫਸੀ ਲਈ ਆਪਣਾ ਪਹਿਲਾ ਮੈਚ ਖੇਡਿਆ। ਕਲਿਆਣ ਨੂੰ 60ਵੇਂ ਮਿੰਟ ’ਚ ਸਾਈਪ੍ਰਸ ਦੀ ਮਾਰੀਲੇਨਾ ਜੌਰਜੀਓ ਦੀ ਥਾਂ ਮੈਦਾਨ ਵਿੱਚ ਉਤਾਰਿਆ ਗਿਆ। ਇਸ ਮੈਚ ਵਿੱਚ ਅਪੋਲੋ ਲੇਡੀਜ਼ ਐੱਫਸੀ ਨੇ ਐੱਸਐੱਫਕੇ ਰੀਗਾ ਨੂੰ 3-0 ਨਾਲ ਹਰਾਇਆ। 20 ਸਾਲਾ ਕਲਿਆਣ ਕਿਸੇ ਵਿਦੇਸ਼ੀ ਕਲੱਬ ਨਾਲ ਕਰਾਰ ਕਰਨ ਵਾਲੀ ਚੌਥੀ ਭਾਰਤੀ ਮਹਿਲਾ ਹੈ। ਉਹ ਕੌਮੀ ਟੀਮ ਅਤੇ ਭਾਰਤੀ ਮਹਿਲਾ ਲੀਗ ਵਿੱਚ ਗੋਕੁਲਮ ਕੇਰਲ ਲਈ ਚੰਗਾ ਪ੍ਰਦਰਸ਼ਨ ਕਰ ਚੁੱਕੀ ਹੈ। ਉਸ ਨੂੰ ਏਆਈਐੱਫਐੱਫ ਵੱਲੋਂ 2021-22 ਸੀਜ਼ਨ ਲਈ ਸਰਬੋਤਮ ਮਹਿਲਾ ਫੁਟਬਾਲਰ ਐਲਾਨਿਆ ਗਿਆ ਸੀ। -ਪੀਟੀਆਈ