ਨਵੀਂ ਦਿੱਲੀ, 18 ਅਕਤੂਬਰ
ਛੇ ਵਾਰ ਦੀ ਆਲਮੀ ਚੈਂਪੀਅਨ ਮੈਰੀਕੌਮ ਆਗਾਮੀ 21 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਕੌਮੀ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਹਿੱਸਾ ਨਹੀਂ ਲਵੇਗੀ। ਉਹ ਦਸੰਬਰ ਮਹੀਨੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਅਭਿਆਸ ਕਰ ਰਹੀ ਹੈ। ਹਾਲਾਂਕਿ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਨੇ ਐਲਾਨ ਕੀਤਾ ਹੋਇਆ ਹੈ ਕਿ ਕੌਮੀ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲਿਆਂ ਨੂੰ ਵਿਸ਼ਵ ਚੈਂਪੀਅਨਸ਼ਿਪ ਲਈ ਟੀਮ ਵਿੱਚ ਜਗ੍ਹਾ ਮਿਲੇਗੀ। ਪਰ ਇਹ ਵੀ ਪਤਾ ਲੱਗਾ ਹੈ ਕਿ ਕੁਝ ਭਾਰ ਵਰਗਾਂ ਵਿੱਚ ਟਰਾਇਲ ਕਰਵਾਏ ਜਾਣਗੇ, ਜਿਸ ਵਿੱਚ 48 ਕਿੱਲੋ ਭਾਰ ਵਰਗ ਵੀ ਸ਼ਾਮਲ ਹੈ ਅਤੇ ਮੈਰੀਕੌਮ ਇਸੇ ਭਾਰ ਵਰਗ ’ਚ ਖੇਡਦੀ ਰਹੀ ਹੈ। ਕੌਮੀ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ 21 ਅਕਤੂਬਰ ਤੋਂ ਹਿਸਾਰ (ਹਰਿਆਣਾ) ਵਿੱਚ ਸ਼ੁਰੂ ਹੋਣੀ ਹੈ। ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਟੋਕੀਓ ਓਲੰਪਿਕ ’ਚ ਕੀਤੇ ਗਏ ਪ੍ਰਦਰਸ਼ਨ ਦੇ ਆਧਾਰ ’ਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਸਿੱਧੀ ਜਗ੍ਹਾ ਦਿੱਤੀ ਗਈ ਹੈ। ਇਸ ਕਰਕੇ ਉਹ ਵੀ ਕੌਮੀ ਚੈਂਪੀਅਨਸ਼ਿਪ ਵਿੱਚ ਹਿੱਸਾ ਨਹੀਂ ਲਵੇਗੀ। -ਪੀਟੀਆਈ