ਨਵੀਂ ਦਿੱਲੀ, 6 ਮਾਰਚ
ਓਲੰਪਿਕ ’ਚ ਕਾਂਸੀ ਦਾ ਤਗ਼ਮਾ ਜੇਤੂ ਭਾਰਤੀ ਮਹਿਲਾ ਮੁੱਕੇਬਾਜ਼ ਐੱਮ.ਸੀ. ਮੈਰੀਕੌਮ ਨੇ ਨੌਜਵਾਨਾਂ ਨੂੰ ਮੌਕਾ ਦੇਣ ਲਈ ਇਸ ਵਰ੍ਹੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ਿਆਈ ਖੇਡਾਂ ਵਿੱਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਛੇ ਵਾਰ ਦੀ ਵਿਸ਼ਵ ਚੈਪੀਅਨ ਬਰਮਿੰਘਮ ਰਾਸ਼ਟਰਮੰਡਲ ਖੇਡਾਂ ’ਤੇ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ। ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀਐੱਫਆਈ) ਨੂੰ ਇੱਕ ਸੁਨੇਹੇ ਵਿੱਚ ਮੈਰੀਕੌਮ ਨੇ ਕਿਹਾ, ‘‘ਮੈਂ ਨੌਜਵਾਨ ਪੀੜ੍ਹੀ ਨੂੰ ਕੌਮਾਂਤਰੀ ਪਲੈਟਫਾਰਮ ’ਤੇ ਆਪਣਾ ਨਾਮ ਬਣਾਉਣ ਅਤੇ ਵੱਡੇ ਟੂਰਨਾਮੈਂਟ ਵਿੱਚ ਖੇਡਣ ਦਾ ਤਜਰਬਾ ਹਾਸਲ ਕਰਨ ਦਾ ਮੌਕਾ ਦੇਣ ਲਈ ਇਨ੍ਹਾਂ ਟੂਰਨਾਮੈਂਟਾਂ ਵਿੱਚ ਨਹੀਂ ਖੇਡਣਾ ਚਾਹਾਂਗੀ।’’ ਤੁਰਕੀ ਦੇ ਇਸਤਾਂਬੁਲ ਵਿੱਚ 6 ਤੋਂ 21 ਮਈ ਤੱਕ ਹੋਣ ਵਾਲੀ ਆਈਬੀਏ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਸਾਰੇ 12 ਵਰਗਾਂ ਲਈ ਚੋਣ ਟਰਾਇਲ 7 ਮਾਰਚ ਤੋਂ 9 ਮਾਰਚ ਤੱਕ ਹੋਣੇ ਹਨ। ਬੀਐੱਫਆਈ ਦੇ ਪ੍ਰਧਾਨ ਅਜੈ ਸਿੰਘ ਨੇ ਇੱਕ ਬਿਆਨ ’ਚ ਕਿਹਾ, ‘‘ਮੈਰੀਕੌਮ ਪਿਛਲੇ ਦੋ ਦਹਾਕਿਆਂ ਤੋਂ ਭਾਰਤੀ ਮੁੱਕੇਬਾਜ਼ੀ ’ਚ ਸਿਰਮੌਰ ਰਹੀ ਹੈ ਅਤੇ ਉਨ੍ਹਾਂ ਨੇ ਦੁਨੀਆ ਭਰ ’ਚ ਅਣਗਿਣਤ ਮੁੱਕੇਬਾਜ਼ਾਂ ਤੇ ਖਿਡਾਰੀਆਂ ਪ੍ਰੇਰਿਤ ਕੀਤਾ ਹੈ। ਅਸੀਂ ਉਨ੍ਹਾਂ ਦੇ ਫ਼ੈਸਲੇ ਦਾ ਸਨਮਾਨ ਕਰਦੇ ਹਾਂ ਅਤੇ ਹੋਰ ਮੁੱਕੇਬਾਜ਼ਾਂ ਨੂੰ ਮੌਕਾ ਦੇਣਾ ਉਨ੍ਹਾਂ ਦੀ ਚੈਂਪੀਅਨ ਸ਼ਖਸੀਅਤ ਦਾ ਸਬੂਤ ਹੈ।’’ -ਪੀਟੀਆਈ