ਜਕਾਰਤਾ, 24 ਜਨਵਰੀ
ਭਾਰਤ ਦੇ ਕਿਰਨ ਜੌਰਜ ਨੇ ਆਪਣਾ ਮੁਕਾਬਲਾ ਜਿੱਤ ਕੇ ਇੰਡੋਨੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ’ਚ ਜਗ੍ਹਾ ਬਣਾ ਲਈ ਹੈ ਪਰ ਸਟਾਰ ਖਿਡਾਰੀ ਐੱਚਐੱਸ ਪ੍ਰਣੌਏ ਅੱਜ ਇੱਥੇ ਸਿੰਗਾਪੁਰ ਦੇ ਸਾਬਕਾ ਵਿਸ਼ਵ ਚੈਂਪੀਅਨ ਲੋ ਕੀਅਨ ਯਿਊ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ। 23 ਸਾਲਾ ਜੌਰਜ ਨੇ ਇੱਕ ਗੇਮ ਪਛੜਣ ਮਗਰੋਂ ਵਾਪਸੀ ਕਰਦਿਆਂ ਫਰਾਂਸ ਦੇ ਟੋਮਾ ਜੂਨੀਅਰ ਪੋਪੋਵ ਨੂੰ 18-21 21-16 21-19 ਨਾਲ ਹਰਾਇਆ। ਪ੍ਰਕਾਸ਼ ਪਾਦੂਕੋਨ ਬੈਡਮਿੰਟਨ ਅਕੈਡਮੀ ਦੇ ਜੌਰਜ ਨੇ ਬੀਤੇ ਦਿਨ ਦੋ ਜਿੱਤਾਂ ਦਰਜ ਕਰ ਕੇ ਮੁੱਖ ਡਰਾਅ ਵਿੱਚ ਜਗ੍ਹਾ ਬਣਾਈ ਸੀ। ਪ੍ਰਣੌਏ ਨੂੰ ਪਹਿਲੇ ਗੇੜ ਵਿੱਚ ਲੋਹ ਤੋਂ 18-21, 21-19, 10-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ