ਲੰਡਨ, 19 ਅਕਤੂਬਰ
ਭਾਰਤੀ ਸਪਿੰਨਰ ਹਰਭਜਨ ਸਿੰਘ ਅਤੇ ਸਾਬਕਾ ਤੇਜ਼ ਗੇਂਦਬਾਜ਼ ਜਵਾਗਲ ਸ੍ਰੀਨਾਥ ਉਨ੍ਹਾਂ 18 ਕ੍ਰਿਕਟਰਾਂ ਵਿੱਚ ਸ਼ਾਮਿਲ ਹਨ, ਜਿਨ੍ਹਾਂ ਨੂੰ ਮੋਰਿਲੇਬੋਨ ਕ੍ਰਿਕਟ ਕਲੱਬ (ਐੱਮਸੀਸੀ) ਨੇ ਅੱਜ ਤਾਉਮਰ ਮੈਂਬਰਸ਼ਿਪ ਦਿੱਤੀ ਹੈ। ਲੰਡਨ ਸਥਿਤ ਐੱਮਸੀਸੀ ਨੂੰ ਕ੍ਰਿਕਟ ਨਿਯਮਾਂ ਦਾ ਰਖਵਾਲਾ ਮੰਨਿਆ ਜਾਂਦਾ ਹੈ। ਹਰਭਜਨ ਤੇ ਸ੍ਰੀਨਾਥ ਦਾ ਕੌਮਾਂਤਰੀ ਕਰੀਅਰ ਸ਼ਾਨਦਾਰ ਰਿਹਾ ਹੈ। ਹਰਭਜਨ ਦੇ ਨਾਮ 103 ਟੈਸਟਾਂ ਵਿੱਚ 417 ਵਿਕਟਾਂ ਦਰਜ ਹਨ ਅਤੇ ਉਹ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਭਾਰਤੀਆਂ ਵਿੱਚੋਂ ਤੀਜੇ ਨੰਬਰ ’ਤੇ ਹੈ। ਕੌਮਾਂਤਰੀ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਵਿੱਚ ਉਸ ਨੇ 700 ਤੋਂ ਜ਼ਿਆਦਾ ਵਿਕਟਾਂ ਲਈਆਂ ਹਨ। ਸ੍ਰੀਨਾਥ ਹੁਣ ਆਈਸੀਸੀ (ਕੌਮਾਂਤਰੀ ਕ੍ਰਿਕਟ ਪਰਿਸ਼ਦ) ਦੇ ਉੱਚ ਪੱਧਰ ਦੇ ਮੈਚ ਰੈਫਰੀ ਹਨ। ਉਹ ਭਾਰਤ ਦੇ ਮਹਾਨ ਤੇਜ਼ ਗੇਦਬਾਜ਼ਾਂ ਵਿੱਚ ਸ਼ਾਮਲ ਹਨ। ਉਨ੍ਹਾਂ ਨੇ ਇੱਕ ਰੋਜ਼ਾ ਵਿੱਚ 315 ਅਤੇ ਟੈਸਟ ਵਿੱਚ 236 ਵਿਕਟ ਲਏ ਹਨ। ਐੱਮਸੀਸੀ ਨੇ ਇਥੇ ਜਾਰੀ ਬਿਆਨ ਵਿੱਚ ਕਿਹਾ, ‘‘ਇਸ ਸਾਲ ਦੀ ਸੂਚੀ ਵਿੱਚ 12 ਟੈਸਟ ਖੇਡਣ ਵਾਲੇ ਦੇਸ਼ਾਂ ਵਿੱਚੋਂ ਅੱਠ ਨੂੰ ਨੁਮਾਇੰਦਗੀ ਦਿੱਤੀ ਗਈ ਹੈ।’’ ਇੰਗਲੈਂਡ ਅਤੇ ਦੱਖਣੀ ਅਫਰੀਕਾ ਦੇ ਚਾਰ-ਚਾਰ ਖਿਡਾਰੀਆਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ। -ਪੀਟੀਆਈ