ਟੋਕੀਓ, 5 ਸਤੰਬਰ
ਟੋਕੀਓ ਪੈਰਾਲੰਪਿਕ ਦੇ ਆਖਰੀ ਦਿਨ ਅੱਜ ਭਾਰਤ ਦੇ ਕ੍ਰਿਸ਼ਨਾ ਨਾਗਰ ਨੇ ਬੈਡਮਿੰਟਨ ਮੁਕਾਬਲੇ ਵਿੱਚ ਦੇਸ਼ ਨੂੰ ਦੂਸਰਾ ਸੋਨ ਤਗਮਾ ਦਿਵਾਇਆ ਜਦੋਂ ਕਿ ਸੁਹਾਸ ਯਥਿਰਾਜ ਨੇ ਬੈਡਮਿੰਟਨ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਜਿਸ ਕਾਰਨ ਭਾਰਤੀ ਖਿਡਾਰੀਆਂ ਲਈ ਅੱਜ ਦਾ ਦਿਨ ‘ਸੁਪਰ ਸੰਡੇ’ ਸਾਬਤ ਹੋਇਆ। ਭਾਰਤ ਨੇ ਇਸ ਤਰ੍ਹਾਂ ਪੰਜ ਸੋਨ ਤਗਮੇ, ਅੱਠ ਚਾਂਦੀ ਦੇ ਤਗਮੇ ਤੇ ਛੇ ਕਾਂਸੇ ਦੇ ਤਗਮੇ ਜਿੱਤੇ ਹਨ ਤੇ ਟੋਕੀਓ ਪੈਰਾਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਗਮਿਆਂ ਦੀ ਸੂਚੀ ਵਿੱਚ 24ਵਾਂ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਤਗਮਿਆਂ ਵਿੱਚ ਨਿਸ਼ਾਨੇਬਾਜ਼ੀ ਅਤੇ ਬੈੱਡਮਿੰਟਨ ਵਿੱਚ ਦੋ-ਦੋ ਸੋਨ ਤਗਮੇ ਜਦੋਂਕਿ ਅਥਲੈਟਿਕਸ ਵਿੱਚ ਇਕ ਸੋਨ ਤਗਮਾ ਸ਼ਾਮਲ ਹੈ। ਭਾਰਤ ਨੇ ਪਿਛਲੀਆਂ ਰੀਓ ਪੈਰਾਲੰਪਿਕਸ ਵਿੱਚ ਸਿਰਫ ਚਾਰ ਤਗਮੇ ਜਿੱਤੇ ਸਨ। ਇਨ੍ਹਾਂ ਖੇਡਾਂ ਵਿੱਚ ਚੀਨ 207 ਤਗਮਿਆਂ ਨਾਲ ਪਹਿਲੇ ਸਥਾਨ ’ਤੇ ਰਿਹਾ। ਉਸ ਦੇ ਖਿਡਾਰੀਆਂ ਨੇ 96 ਸੋਨ ਤਗਮੇ ਜਿੱਤੇ। ਦੂਜੇ ਸਥਾਨ ’ਤੇ ਬਰਤਾਨੀਆ ਰਿਹਾ। ਉਸ ਦੇ ਖਿਡਾਰੀਆਂ ਨੇ 41 ਸੋਨ ਤਗਮਿਆਂ ਸਣੇ ਕੁੱਲ 124 ਤਗਮੇ ਜਿੱਤੇ। ਅਮਰੀਕਾ ਨੂੰ ਤੀਜਾ ਸਥਾਨ ਮਿਲਿਆ। ਉਸ ਦੇ ਖਿਡਾਰੀਆਂ ਨੇ 37 ਸੋਨ ਤਗਮਿਆਂ ਸਣੇ 104 ਤਗਮੇ ਹਾਸਲ ਕੀਤੇ। -ਪੀਟੀਆਈ