ਬਾਰਸੀਲੋਨਾ: ਲਿਓਨਲ ਮੈਸੀ ਨੇ ਸੋਸ਼ਲ ਮੀਡੀਆ ਜ਼ਰੀਏ ਆਨਲਾਈਨ ਸ਼ੋਸ਼ਣ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਇੰਗਲੈਂਡ ਫੁਟਬਾਲ ਲੀਗ, ਕਲੱਬਾਂ ਅਤੇ ਖਿਡਾਰੀਆਂ ਨੇ ਆਨਲਾਈਨ ਨਸਲੀ ਟਿੱਪਣੀਆਂ ਤੇ ਵਿਤਕਰੇ ਖ਼ਿਲਾਫ਼ ਸੋਸ਼ਲ ਮੀਡੀਆ ਦਾ ਚਾਰ ਦਿਨਾਂ ਲਈ ਬਾਈਕਾਟ ਕੀਤਾ ਹੈ। ਇਸ ਦੌਰਾਨ ਮੈਸੀ ਵੀ ਚੁੱਪ ਨਹੀਂ ਰਿਹਾ। ਉਸ ਨੇ ਸੋਸ਼ਲ ਮੀਡੀਆ ’ਤੇ ਬਦਸਲੂਕੀ ਅਤੇ ਵਿਤਕਰੇ ਖ਼ਿਲਾਫ਼ ਚਲਾਈ ਗਈ ਇਸ ਮੁਹਿੰਮ ਲਈ ਬਰਤਾਨੀਆ ਦੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ। ਮੈਸੀ ਨੇ ਇੰਸਟਾਗ੍ਰਾਮ ’ਤੇ ਸਪੈਨਿਸ਼ ਵਿੱਚ ਲਿਖਿਆ, ‘‘ਹਰ ਪ੍ਰੋਫਾਈਲ ਪਿਛਲੇ ਵਿਅਕਤੀ ਨੂੰ ਮਹੱਤਵ ਦਿੱਤਾ ਜਾਵੇ, ਜਿਸ ਨਾਲ ਅਸੀਂ ਸਾਰੇ ਮਹਿਸੂਸ ਕਰ ਸਕੀਏ ਕਿ ਹਰ ਅਕਾਊਂਟ ਪਿੱਛੇ ਹੱਡ-ਮਾਸ ਦਾ ਇੱਕ ਵਿਅਕਤੀ ਹੈ, ਜੋ ਹੱਸਦਾ ਹੈ, ਰੋਂਦਾ ਹੈ, ਜੀਵਨ ਦਾ ਆਨੰਦ ਮਾਣਦਾ ਹੈ ਅਤੇ ਦੁੱਖ ਸਹਿੰਦਾ ਹੈ।’’ ਉਸ ਨੇ ਫੇਸਬੁਕ, ਟਵਿਟਰ ਅਤੇ ਹੋਰ ਸੋਸ਼ਲ ਮੀਡੀਆ ਕੰਪਨੀਆਂ ਨੂੰ ਵੀ ਇਸ ’ਤੇ ਧਿਆਨ ਦੇਣ ਦੀ ਅਪੀਲ ਕੀਤੀ। -ਏਪੀ