ਅਮਰਪ੍ਰੀਤ ਸਿੰਘ
ਚੰਡੀਗੜ੍ਹ, 3 ਫਰਵਰੀ
ਸਪੋਰਟਸ ਜਰਨਲਿਸਟਸ ਫੈਡਰੇਸ਼ਨ ਆਫ ਇੰਡੀਆ (ਐਸਜੇਐਫਆਈ) ਨੇ ਅੱਜ ਇੱਥੇ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਮਹਾਨ ਅਥਲੀਟ ਮਿਲਖਾ ਸਿੰਘ ਨੂੰ ਮਰਨ ਉਪਰੰਤ ਸੋਨ ਤਗਮਾ ਭੇਟ ਕੀਤਾ। ਇਸ ਮੌਕੇ ਮੁੱਖ ਮਹਿਮਾਨ ਸਾਬਕਾ ਟੈਸਟ ਕ੍ਰਿਕਟਰ ਯੋਗਰਾਜ ਸਿੰਘ ਨੇ ਕਿਹਾ ਕਿ ਮਿਲਖਾ ਸਿੰਘ ਭਾਰਤ ਰਤਨ ਦੇ ਹੱਕਦਾਰ ਹਨ। ਉਨ੍ਹਾਂ ਮਿਲਖਾ ਸਿੰਘ ਦੇ ਪੁੱਤਰ ਤੇ ਉਘੇ ਗੋਲਫਰ ਜੀਵ ਮਿਲਖਾ ਸਿੰਘ ਨੂੰ ਗੋਲਡ ਮੈਡਲ, ਪ੍ਰਸ਼ੰਸਾ ਪੱਤਰ ਅਤੇ ਸਟੋਲ ਸੌਂਪਿਆ। ਐੱਸਜੇਐੱਫਆਈ ਗੋਲਡ ਮੈਡਲ ਦੀ ਸਥਾਪਨਾ 2018 ਵਿੱਚ ਕੀਤੀ ਗਈ ਸੀ। ਫੈਡਰੇਸ਼ਨ ਵੱਲੋਂ ਟੈਨਿਸ ਖਿਡਾਰੀ ਵਿਜੈ ਅੰਮ੍ਰਿਤਰਾਜ, ਬੈਡਮਿੰਟਨ ਮਾਸਟਰ ਪ੍ਰਕਾਸ਼ ਪਾਦੂਕੋਣ ਅਤੇ ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਦਾ ਸਨਮਾਨ ਕੀਤਾ ਜਾ ਚੁੱਕਾ ਹੈ। ‘ਉੱਡਣੇ ਸਿੱਖ’ ਵਜੋਂ ਮਕਬੂਲ ਮਿਲਖਾ ਸਿੰਘ ਨੇ ਟੋਕੀਓ ’ਚ 1958 ਦੀਆਂ ਏਸ਼ਿਆਈ ਖੇਡਾਂ ਅਤੇ ਜਕਾਰਤਾ ’ਚ 1962 ਦੀਆਂ ਏਸ਼ਿਆਈ ਖੇਡਾਂ ’ਚ ਸੋਨ ਦੇ ਚਾਰ ਤਗਮੇ ਜਿੱਤੇ ਸਨ। ਉਹ 1960 ਵਿੱਚ ਰੋਮ ਓਲੰਪਿਕ ਵਿੱਚ ਪੁਰਸ਼ਾਂ ਦੀ 400 ਮੀਟਰ ਦੌੜ ਵਿੱਚ ਚੌਥੇ ਸਥਾਨ ’ਤੇ ਰਹਿਣ ਵਾਲੇ ਪਹਿਲੇ ਭਾਰਤੀ ਸਨ। ਇਕੱਠ ਨੂੰ ਸੰਬੋਧਨ ਕਰਦਿਆਂ ਯੋਗਰਾਜ ਨੇ ਕਿਹਾ, “ਮਿਲਖਾ ਸਿੰਘ ਮਹਾਨ ਖਿਡਾਰੀ ਸਨ ਅਤੇ ਉਹ ਮੇਰੇ ਚੰਗੇ ਦੋਸਤ ਸਨ। ਉਹ ਭਾਰਤ ਰਤਨ ਦੇ ਹੱਕਦਾਰ ਹਨ।’’ ਯੋਗਰਾਜ ਸਿੰਘ ਨੇ ਬਾਇਓਪਿਕ ‘ਭਾਗ ਮਿਲਖਾ ਭਾਗ’ ਵਿਚ ਮਿਲਖਾ ਸਿੰਘ ਦੇ ਕੋਚ ਦੀ ਭੂਮਿਕਾ ਨਿਭਾਈ ਸੀ। ਇਸ ਦੌਰਾਨ ਭਾਵੁਕ ਨਜ਼ਰ ਆਏ ਜੀਵ ਨੇ ਕਿਹਾ, ‘‘ਕੋਵਿਡ ਦੌਰਾਨ ਮੈਂ ਆਪਣੇ ਮਾਤਾ-ਪਿਤਾ ਦੋਵਾਂ ਨੂੰ ਗੁਆ ਦਿੱਤਾ ਅਤੇ ਮੈਂ ਇੰਨਾ ਨਿਰਾਸ਼ ਸੀ ਕਿ ਗੋਲਫ ਛੱਡਣ ਦਾ ਫੈਸਲਾ ਕਰ ਲਿਆ ਸੀ। ਬਾਅਦ ਵਿੱਚ ਮੈਂ ਆਪਣਾ ਮਨ ਬਦਲ ਲਿਆ ਤੇ ਫੈਸਲਾ ਕੀਤਾ ਕਿ ਮੈਂ ਖੇਡਣਾ ਜਾਰੀ ਰੱਖਾਂਗਾ ਅਤੇ ਉਨ੍ਹਾਂ ਲਈ ਜਿੱਤਣ ਦੀ ਪੂਰੀ ਕੋਸ਼ਿਸ਼ ਕਰਾਂਗਾ।” ਪੰਜਾਬ-ਹਰਿਆਣਾ-ਚੰਡੀਗੜ੍ਹ ਸਪੋਰਟਸ ਜਰਨਲਿਸਟਸ ਐਸੋਸੀਏਸ਼ਨ ਵਲੋਂ ਕਰਵਾਏ ਸਮਾਗਮ ਵਿੱਚ ਫੈਡਰੇਸ਼ਨ ਦੇ ਸਕੱਤਰ ਪ੍ਰਸ਼ਾਂਤ ਕੇਨੀ ਅਤੇ ਖਜ਼ਾਨਚੀ ਪਾਰਥਾ ਚੱਕਰਵਰਤੀ ਵੀ ਮੌਜੂਦ ਸਨ। ਫੈਡਰੇਸ਼ਨ ਵਲੋਂ ਐਤਵਾਰ ਨੂੰ ਨਵੀਂ ਦਿੱਲੀ ਵਿੱਚ ਪੀਟੀ ਊਸ਼ਾ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।