ਦੁਬਈ: ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਅੱਜ ਇੱਥੇ ਜਾਰੀ ਆਈਸੀਸੀ ਦੀ ਨਵੀਂ ਦਰਜਾਬੰਦੀ ਵਿਚ ਬੱਲੇਬਾਜ਼ਾਂ ਦੀ ਸੂਚੀ ’ਚ ਆਪਣਾ ਤੀਸਰਾ ਸਥਾਨ ਬਰਕਰਾਰ ਰੱਖਿਆ ਹੈ ਜਦਕਿ ਉਨ੍ਹਾਂ ਦੀ ਹਮਵਤਨ ਤਜਰਬੇਕਾਰ ਖਿਡਾਰਨ ਝੂਲਨ ਗੋਸਵਾਮੀ ਗੇਂਦਬਾਜ਼ਾਂ ਦੀ ਸੂਚੀ ’ਚ ਦੂਜੇ ਸਥਾਨ ਉਤੇ ਕਾਇਮ ਹੈ। ਮਹਿਲਾ ਬੱਲੇਬਾਜ਼ੀ ਰੈਂਕਿੰਗ ’ਚ ਚੋਟੀ ਦੇ ਦਸ ਖਿਡਾਰੀਆਂ ਵਿਚ ਕੋਈ ਬਦਲਾਅ ਨਹੀਂ ਆਇਆ ਹੈ। ਮਿਤਾਲੀ 738 ਅੰਕਾਂ ਨਾਲ ਦੱਖਣੀ ਅਫ਼ਰੀਕਾ ਦੀ ਲਿਜੇਲ ਲੀ (761) ਤੇ ਆਸਟਰੇਲੀਆ ਦੀ ਐਲਿਸਾ ਹੀਲੀ (750) ਤੋਂ ਪਿੱਛੇ ਹੈ। ਇਕ ਹੋਰ ਭਾਰਤੀ ਬੱਲੇਬਾਜ਼ ਸਮ੍ਰਿਤੀ ਮੰਧਾਨਾ 710 ਅੰਕਾਂ ਨਾਲ ਛੇਵੇਂ ਸਥਾਨ ਉਤੇ ਹੈ। ਗੇਂਦਬਾਜ਼ਾਂ ਦੀ ਸੂਚੀ ’ਚ ਝੂਲਨ (727) ਸਿਖ਼ਰ ਉਤੇ ਚੱਲ ਰਹੀ ਆਸਟਰੇਲੀਆ ਦੀ ਜੇਸ ਯੋਨਾਸੇਨ (760) ਤੋਂ ਬਾਅਦ ਦੂਜੇ ਸਥਾਨ ਉਤੇ ਹੈ। ਪਾਕਿਸਤਾਨ ਦੀ ਸਪਿੰਨਰ ਨਾਸ਼ਰਾ ਸੰਧੂ ਚਾਰ ਸਥਾਨਾਂ ਦੇ ਫਾਇਦੇ ਨਾਲ 17ਵੇਂ ਨੰਬਰ ਉਤੇ ਪਹੁੰਚ ਗਈ ਹੈ। ਬੰਗਲਾਦੇਸ਼ ਦੀਆਂ ਫਰਗਾਨਾ ਹੱਕ ਤੇ ਰੁਮਾਨਾ ਅਹਿਮਦ ਵੀ ਅੱਗੇ ਵਧਣ ਵਿਚ ਸਫ਼ਲ ਰਹੀਆਂ ਹਨ। -ਪੀਟੀਆਈ