ਨਵੀਂ ਦਿੱਲੀ, 6 ਅਗਸਤ
ਖੇਡ ਜਗਤ ਨੇ ਖੇਲ ਰਤਨ ਪੁਰਸਕਾਰ ਦਾ ਨਾਮ ਮੇਜਰ ਧਿਆਨਚੰਦ ਦੇ ਨਾਂ ’ਤੇ ਰੱਖੇ ਜਾਣ ਦਾ ਸਵਾਗਤ ਕੀਤਾ ਹੈ। ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਇਕਮਾਤਰ ਅਥਲੈਟਿਕਸ ਤਗ਼ਮਾ ਜੇਤੂ ਅੰਜੂ ਬੌਬੀ ਜਾਰਜ ਨੇ ਕਿਹਾ ਕਿ ਖੇਡ ਪੁਰਸਕਾਰਾਂ ਦੇ ਨਾਮ ਖਿਡਾਰੀਆਂ ਦੇ ਨਾਂ ’ਤੇ ਰੱਖੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ, ‘‘ਇਹ ਸਹੀ ਸਮਾਂ ਹੈ ਜਦੋਂ ਅਸੀਂ ਆਪਣੇ ਖੇਡ ਪੁਰਸਕਾਰਾਂ ਦੇ ਨਾਂ ਆਪਣੇ ਖੇਡ ਦਿੱਗਜਾਂ ਦੇ ਨਾਵਾਂ ’ਤੇ ਰੱਖੀਏ। ਇਹ ਸਹੀ ਕਦਮ ਹੈ। ਧਿਆਨਚੰਦ ਸਾਡੇ ਖੇਡ ਨਾਇਕ ਤੇ ਹਾਕੀ ਦੇ ਦਿੱਗਜ ਹਨ। ਹਾਕੀ ਸਾਡੀ ਕੌਮੀ ਖੇਡ ਹੈ।’’ ਸਾਬਕਾ ਹਾਕੀ ਕਪਤਾਨ ਅਜੀਤਪਾਲ ਸਿੰਘ ਨੇ ਕਿਹਾ ਕਿ ਹਾਲਾਂਕਿ ਪਛਾਣ ਦੇਰ ਨਾਲ ਮਿਲੀ ਹੈ, ਪਰ ਦੇਰ ਆਏ ਦਰੁਸਤ ਆਏ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਵੱਲੋਂ ਲਏ ਫੈਸਲੇ ਦਾ ਸਵਾਗਤ ਕਰਨਾ ਬਣਦਾ ਹੈ। ਖੇਡ ਪੁਰਸਕਾਰ ਹਮੇਸ਼ਾ ਖਿਡਾਰੀਆਂ ਦੇ ਨਾਂ ’ਤੇ ਹੋਣੇ ਚਾਹੀਦੇ ਹਨ ਤੇ ਧਿਆਨਚੰਦ ਤੋਂ ਵੱਡਾ ਦੇਸ਼ ਵਿੱਚ ਕੋਈ ਖਿਡਾਰੀ ਨਹੀਂ ਹੈ। ਮਾਨਤਾ ਦੇਰ ਨਾਲ ਮਿਲੀ, ਪਰ ਦੇਰ ਆਏ ਦਰੁਸਤ ਆਏ।’’ ਓਲੰਪਿਕ ਤਗ਼ਮਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਹਾ ਕਿ ਧਿਆਨਚੰਦ ਜੀ ਨੂੰ ਸਨਮਾਨ ਦੇਣਾ ਚੰਗੀ ਗੱਲ ਹੈ, ਪਰ ਦੇਸ਼ ਵਿੱਚ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਇਹ ਕਾਫ਼ੀ ਨਹੀਂ ਹੈ। ਉਨ੍ਹਾਂ ਕਿਹਾ, ‘‘ਖਿਡਾਰੀਆਂ ਨੂੰ ਬੁਨਿਆਦੀ ਪੱਧਰ ’ਤੇ ਸਹੂਲਤਾਂ ਦੀ ਲੋੜ ਹੈ, ਜਦੋਂ ਤੱਕ ਅਸੀਂ ਅਜਿਹਾ ਨਹੀਂ ਕਰ ਸਕਦੇ, ਮਹਿਜ਼ ਪੁਰਸਕਾਰਾਂ ਦੇ ਨਾਮ ਬਦਲਣ ਨਾਲ ਕੋਈ ਖਾਸ ਫ਼ਰਕ ਨਹੀਂ ਪੈਣਾ।’’ ਖੇਡ ਮੰਤਰੀ ਅਨੁਰਾਗ ਠਾਕੁਰ, ਸਾਬਕਾ ਖੇਡ ਮੰਤਰੀ ਕਿਰਨ ਰਿਜਿਜੂ, ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਇਸ ਨਾਮ ਤਬਦੀਲੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। -ਪੀਟੀਆਈ