ਰਿਆਧ: ਮੁੰਬਈ ਸਿਟੀ ਐਫਸੀ ਨੇ ਉਦੋਂ ਰਿਕਾਰਡ ਬਣਾ ਦਿੱਤਾ ਜਦੋਂ ਉਸ ਨੇ ਇਰਾਕ ਦੀ ਮੋਹਰੀ ਟੀਮ ਏਅਰ ਫੋਰਸ ਕਲੱਬ ਨੂੰ ਹਰਾ ਦਿੱਤਾ। ਇਹ ਕਲੱਬ ਚੈਂਪੀਅਨਜ਼ ਲੀਗ ਵਿਚ ਜਿੱਤ ਦਰਜ ਕਰਨ ਵਾਲਾ ਪਹਿਲਾ ਭਾਰਤੀ ਕਲੱਬ ਬਣ ਗਿਆ ਹੈ। ਇਸ ਮੈਚ ਵਿਚ ਭਾਰਤੀ ਕਲੱਬ ਇਕ ਗੋਲ ਤੋਂ ਹਾਰ ਰਿਹਾ ਸੀ ਪਰ ਭਾਰਤੀ ਕਲੱਬ ਨੇ ਵਾਪਸੀ ਕਰਦਿਆਂ ਮੈਚ 2-1 ਨਾਲ ਜਿੱਤਿਆ। ਗਰੁੱਪ ਬੀ ਦੇ ਮੁਕਾਬਲੇ ਵਿਚ 59ਵੇਂ ਮਿੰਟ ਤਕ ਇਕ ਗੋਲ ਨਾਲ ਪਿਛੜਨ ਤੋਂ ਬਾਅਦ ਮੁੰਬਈ ਸਿਟੀ ਦੀ ਟੀਮ ਵੱਲੋਂ 70ਵੇਂ ਮਿੰਟ ਵਿਚ ਪੈਨਲਟੀ ’ਤੇ ਡਿਏਗੋ ਮਾਰੀਸਿਓ ਨੇ ਗੋਲ ਕੀਤਾ। ਇਸ ਤੋਂ ਬਾਅਦ 75ਵੇਂ ਮਿੰਟ ਵਿਚ ਰਾਹੁਲ ਭੇਕੇ ਨੇ ਸਿਰ ਨਾਲ ਗੋਲ ਕਰ ਕੇ ਟੀਮ ਨੂੰ ਜਿੱਤ ਦਿਵਾਈ। ਇਸ ਜਿੱਤ ਤੋਂ ਬਾਅਦ ਮੁੰਬਈ ਸਿਟੀ ਦੀ ਟੀਮ 14 ਅਪਰੈਲ ਨੂੰ ਯੂਏਈ ਦੇ ਅਲ ਜਜ਼ੀਰਾ ਨਾਲ ਮੈਚ ਖੇਡੇਗੀ ਜਦਕਿ ਏਅਰ ਫੋਰਸ ਕਲੱਬ ਉਸੀ ਦਿਨ ਸਾਊਦੀ ਅਰਬ ਦੇ ਅਲ ਸ਼ਬਾਬ ਐਫਸੀ ਖ਼ਿਲਾਫ ਖੇਡੇਗਾ। -ਪੀਟੀਆਈ