ਵਾਰੰਗਲ: ਅਸਾਮ ਦੇ ਫਰਾਟਾ ਦੌੜਾਕ ਅਮਲਾਨ ਬੋਰਗੋਹੇਨ, ਤਾਮਿਲਨਾਡੂ ਦੇ ਤੀਹਰੀ ਛਾਲ ਖਿਡਾਰੀ ਪ੍ਰਵੀਨ ਚਿਤਰਾਵੇਲ ਤੇ ਰਾਜਸਥਾਨ ਦੀ ਤਾਰ ਨਾਲ ਗੋਲਾ ਸੁੱਟਣ ਦੀ ਤਜਰਬੇਕਾਰ ਖਿਡਾਰਨ ਮੰਜੂ ਬਾਲਾ ਸਿੰਘ ਨੇ ਅੱਜ ਇੱਥੇ 60ਵੇਂ ਕੌਮੀ ਓਪਨ ਅਥਲੈਟਿਕ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਨਿੱਜੀ ਬਿਹਤਰੀਨ ਪ੍ਰਦਰਸ਼ਨ ਦੇ ਨਾਲ ਸੋਨ ਤਗ਼ਮੇ ਜਿੱਤੇ। ਅਮਲਾਨ ਨੇ ਪੁਰਸ਼ਾਂ ਦੇ 200 ਮੀਟਰ ਫਾਈਨਲ ਵਿਚ 20.75 ਸਕਿੰਟ ਦੇ ਸਮੇਂ ਨਾਲ ਖਿਤਾਬ ਜਿੱਤਿਆ। ਭਾਰਤੀ ਅਥਲੈਟਿਕਸ ਦੇ ਇਤਿਹਾਸ ਵਿਚ ਸਿਰਫ਼ ਮੁਹੰਮਦ ਅਨਸ ਯਾਹੀਆ (20.63), ਧਰਮਬੀਰ ਸਿੰਘ (20.66) ਤੇ ਅਨਿਲ ਕੁਮਾਰ (20.73) ਨੇ ਹੀ ਉਨ੍ਹਾਂ ਤੋਂ ਘੱਟ ਸਮਾਂ ਲਿਆ ਹੈ। ਅਮਲਾਨ ਪਿਛਲੇ 20 ਮਹੀਨਿਆਂ ਵਿਚ ਪਹਿਲੀ ਵਾਰ ਕੌਮੀ ਪੱਧਰ ਉਤੇ 200 ਮੀਟਰ ਦੇ ਮੁਕਾਬਲੇ ਵਿਚ ਹਿੱਸਾ ਲੈ ਰਹੇ ਸਨ। ਅਮਲਾਨ ਨੇ ਕਰੀਅਰ ਵਿਚ ਪਹਿਲੀ ਵਾਰ 21 ਸਕਿੰਟ ਤੋਂ ਘੱਟ ਦਾ ਸਮਾਂ ਲਿਆ ਤੇ ਨਵਾਂ ਮੀਟ ਰਿਕਾਰਡ ਬਣਾਇਆ। 20 ਸਾਲਾਂ ਦੇ ਪ੍ਰਵੀਨ ਨੇ ਤੀਹਰੀ ਛਾਲ ਵਿਚ 16.88 ਮੀਟਰ ਦੇ ਯਤਨ ਨਾਲ ਸੋਨ ਤਗ਼ਮਾ ਜਿੱਤਿਆ। -ਪੀਟੀਆਈ