ਕੇਪੀ ਸਿੰਘ
ਗੁਰਦਾਸਪੁਰ, 9 ਅਗਸਤ
ਇੱਥੋਂ ਦੇ ਪ੍ਰੇਮ ਨਗਰ ਨਿਵਾਸੀ ਹੋਣਹਾਰ ਜੂਨੀਅਰ ਅੰਤਰਰਾਸ਼ਟਰੀ ਜੂਡੋ ਖਿਡਾਰੀ ਮਹੇਸ਼ ਇੰਦਰ ਸੈਣੀ ਨੂੰ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਸਾਲ ਪਹਿਲਾਂ ਸ਼ੁਰੂ ਕੀਤੇ ਹਫ਼ਤਾਵਾਰੀ ਯੰਗ ਅਚੀਵਰਜ਼ ਪ੍ਰੋਗਰਾਮ ਤਹਿਤ ਮੁੱਖ ਮਹਿਮਾਨ ਦੇ ਤੌਰ ’ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਐਲਾਨੇ ਕ੍ਰਮਵਾਰ ਗਿਆਰਾਂ ਹਜ਼ਾਰ ਰੁਪਏ ਅਤੇ ਪੰਜ ਹਜ਼ਾਰ ਰੁਪਏ ਅਜੇ ਤੱਕ ਨਸੀਬ ਨਹੀਂ ਹੋਏ। ਇਸ ਸਬੰਧੀ ਐੱਨਆਈਐੱਸ ਪਟਿਆਲਾ ਵਿੱਚ ਓਲੰਪਿਕ 2024 ਪੈਰਿਸ ਲਈ ਤਿਆਰੀ ਕਰ ਰਹੇ ਮਹੇਸ਼ ਇੰਦਰ ਸੈਣੀ ਨੂੰ ਪੰਜਾਬ ਸਰਕਾਰ ਪ੍ਰਤੀ ਰੋਸ ਹੈ। ਮਹੇਸ਼ ਇੰਦਰ ਸੈਣੀ ਦੇ ਮੁੱਢਲੇ ਕੋਚ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਮਹੇਸ਼ ਇੰਦਰ ਸੈਣੀ ਏਸ਼ੀਅਨ ਪੈਸੀਫਿਕ ਖੇਡਾਂ 2020 ਵਿਚ ਜੂਨੀਅਰ ਵਰਗ ਵਿੱਚ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਰੈੱਡ ਕਰਾਸ ਸੁਸਾਇਟੀ ਵੱਲੋਂ ਐਲਾਨੇ ਇਕਵੰਜਾ ਸੌ ਰੁਪਏ ਖਿਡਾਰੀ ਨੂੰ ਦੇ ਦਿੱਤੇ ਗਏ ਪਰ ਮੰਤਰੀ ਤੇ ਹਲਕਾ ਵਿਧਾਇਕ ਵਾਲੀ ਰਾਸ਼ੀ ਅਜੇ ਤੱਕ ਖਿਡਾਰੀ ਨੂੰ ਨਹੀਂ ਮਿਲੀ। ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋਲੋਂ ਮੰਗ ਕੀਤੀ ਹੈ ਕਿ ਉਹ ਇਸ ਉੱਭਰਦੇ ਖਿਡਾਰੀ ਦੀ ਪ੍ਰਾਪਤੀਆਂ ਅਤੇ ਮੁਸ਼ਕਲਾਂ ਨੂੰ ਮੁੱਖ ਰੱਖਦਿਆਂ ਐਲਾਨੀ ਰਾਸ਼ੀ ਜਾਰੀ ਕਰਵਾਉਣ ਵਿਚ ਸਹਾਇਤਾ ਕਰਨ। ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਜਲਦੀ ਹੀ ਖਿਡਾਰੀ ਦੀ ਬਣਦੀ ਰਾਸ਼ੀ ਜਾਰੀ ਕਰਵਾ ਦਿੱਤੀ ਜਾਵੇਗੀ ।ਿਲੀ ਜਾਣਕਾਰੀ ਅਨੁਸਾਰ ਸਥਾਨਕ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਇਹ ਮਾਮਲਾ ਧਿਆਨ ਵਿੱਚ ਆਉਂਦਿਆਂ ਹੀ ਆਪਣੇ ਵੱਲੋਂ ਖਿਡਾਰੀ ਲਈ ਐਲਾਨੀ ਗਈ ਪੰਜ ਹਜ਼ਾਰ ਰੁਪਏ ਦੀ ਰਾਸ਼ੀ ਅੱਜ ਹੀ ਜਾਰੀ ਕਰ ਦਿੱਤੀ ਗਈ ।