ਜ਼ਿਊਰਿਖ, 1 ਸਤੰਬਰ
ਵਿਸ਼ਵ ਚੈਂਪੀਅਨ ਨੀਰਜ ਚੋਪੜਾ ਡਾਇਮੰਡ ਲੀਗ ਦੇ ਨੇਜ਼ਾ ਸੁੱਟਣ ਦੇ ਮੁਕਾਬਲੇ ਵਿੱਚ ਸਿਖ਼ਰਲਾ ਸਥਾਨ ਹਾਸਲ ਨਹੀਂ ਕਰ ਸਕਿਆ ਪਰ ਆਖਰੀ ਗੇੜ ਵਿੱਚ 85.17 ਮੀਟਰ ਦਾ ਥ੍ਰੋਅ ਸੁੱਟ ਕੇ ਦੂਜੇ ਸਥਾਨ ’ਤੇ ਰਿਹਾ। ਓਲੰਪਿਕ ਚੈਂਪੀਅਨ 25 ਸਾਲਾ ਨੀਰਜ ਚੋਪੜਾ ਨੇ 80.79 ਮੀਟਰ, 85.22 ਮੀਟਰ ਅਤੇ 85.71 ਮੀਟਰ ਦੇ ਤਿੰਨ ਵੈਧ ਥ੍ਰੋਅ ਸੁੱਟੇ ਜਦਕਿ ਬਾਕੀ ਤਿੰਨ ਥ੍ਰੋਅ ਫਾਊਲ ਰਹੇ। ਉਹ ਚੈੱਕ ਗਣਰਾਜ ਦੇ ਯਾਕੂਬ ਵਾਲੇਸ਼ (85.86 ਮੀਟਰ) ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ। ਵਿਸ਼ਵ ਚੈਂਪੀਅਨਸ਼ਿਪ ਵਿੱਚ ਯਾਕੂਬ ਨੇ ਕਾਂਸੀ ਤਗ਼ਮਾ ਜਿੱਤਿਆ ਸੀ। ਚੋਪੜਾ ਨੇ ਅੱਜ ਮੁਕਾਬਲੇ ਤੋਂ ਬਾਅਦ ਕਿਹਾ ਕਿ ਉਹ ਪੂਰੀ ਤਰ੍ਹਾਂ ਫਿੱਟ ਸੀ ਪਰ ਬੁਡਾਪੈਸਟ ਵਿੱਚ ਹੋਈ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਥੱਕਿਆ ਹੋਇਆ ਸੀ। -ਪੀਟੀਆਈ
ਮੇਰੀ ਕੋਸ਼ਿਸ਼ ਅਗਲੇ ਸਾਲ ਪੈਰਿਸ ਵਿੱਚ ਆਪਣਾ ਓਲੰਪਿਕ ਸੋਨ ਤਗ਼ਮਾ ਬਰਕਰਾਰ ਰੱਖਣ ਦੀ ਹੋਵੇਗੀ: ਚੋਪੜਾ
ਨਵੀਂ ਦਿੱਲੀ: ਸੁਪਰਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਅੱਜ ਕਿਹਾ ਕਿ ਉਹ ਅਗਲੇ ਸਾਲ ਪੈਰਿਸ ਵਿੱਚ ਆਪਣਾ ਓਲੰਪਿਕ ਸੋਨ ਤਗ਼ਮਾ ਅਤੇ 2025 ਵਿੱਚ ਆਪਣਾ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ ਬਰਕਰਾਰ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰੇਗਾ। ਬੁਡਾਪੇਸਟ ਵਿੱਚ ਵਿਸ਼ਵ ਖ਼ਿਤਾਬ ਜਿੱਤਣ ਤੋਂ ਬਾਅਦ 25 ਸਾਲਾ ਨੀਰਜ ਚੋਪੜਾ ਐਤਵਾਰ ਨੂੰ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ ਜਿੱਤਣ ਵਾਲਾ ਇਤਿਹਾਸ ਦਾ ਤੀਜਾ ਜੈਵਲਿਨ ਥ੍ਰੋਅਰ ਬਣ ਗਿਆ। ਇਹ ਪੁੱਛਣ ’ਤੇ ਕਿ ਕੀ ਉਹ ਚੈੱਕ ਗਣਰਾਜ ਦੇ ਮਹਾਨ ਅਥਲੀਟ ਜੈਨ ਜ਼ੈਲੇਜ਼ਨੀ ਦੀ ਪ੍ਰਾਪਤੀ ਹਾਸਲ ਕਰ ਸਕਦਾ ਹੈ, ਜਿਸ ਦੇ ਨਾਮ ਤਿੰਨ ਓਲੰਪਿਕ ਤੇ ਤਿੰਨ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ ਹਨ। ਇਸ ’ਤੇ ਚੋਪੜਾ ਨੇ ਕਿਹਾ, ‘‘ਜੇਕਰ ਮੈਂ ਆਪਣੀ ਖੇਡ ’ਤੇ ਫੋਕਸ ਬਣਾ ਕੇ ਰੱਖਦਾ ਹਾਂ ਤਾਂ ਸਭ ਕੁਝ ਸੰਭਵ ਹੈ।’’ ਉਸ ਨੇ ਕਿਹਾ, ‘‘ਮੇਰੀ ਕੋਸ਼ਿਸ਼ ਹੈ ਕਿ ਮੈਂ ਖ਼ਿਤਾਬ ਮੁੜ ਜਿੱਤਣਾ ਹੈ ਅਤੇ ਇਸ ਵਾਸਤੇ ਜਿੰਨੀ ਵੀ ਮਿਹਨਤ ਕਰਨੀ ਦੀ ਲੋੜ ਹੋਵੇਗੀ, ਮੈਂ ਕਰਾਂਗਾ।’’ -ਪੀਟੀਆਈ