ਨਵੀਂ ਦਿੱਲੀ, 25 ਜੂਨ
ਪਹਿਲਵਾਨ ਯੋਗੇਸ਼ਵਰ ਦੱਤ ਨੇ ਬਜਰੰਗ ਪੂਨੀਆ ਦੇ ਉਸ ਬਿਆਨ ਨੂੰ ਪੂਰੀ ਤਰ੍ਹਾਂ ਝੂਠ ਕਰਾਰ ਦਿੱਤਾ ਜਿਸ ‘ਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਲੰਡਨ ਓਲੰਪਿਕ ਦੇ ਕਾਂਸੀ ਤਗ਼ਮਾ ਜੇਤੂ ਪਹਿਲਵਾਨ ਨੇ ਉਸ ਨੂੰ ਜਾਣ-ਬੁੱਝ ਕੇ ਮੁਕਾਬਲਾ ਗੁਆਉਣ ਲਈ ਕਿਹਾ ਸੀ। ਜ਼ਿਕਰਯੋਗ ਹੈ ਬਜਰੰਗ ਨੇ ਬੀਤੇ ਦਿਨ ਸੋਸ਼ਲ ਮੀਡੀਆ ‘ਤੇ ਜਾਰੀ ਬਿਆਨ ‘ਚ ਕਿਹਾ ਸੀ ਕਿ ਯੋਗੇਸ਼ਵਰ ਨੇ ਉਸ ਨੂੰ ਕਈ ਵਾਰ ਮੁਕਾਬਲਾ ਹਾਰਨ ਲਈ ਕਿਹਾ ਸੀ।
ਬਜਰੰਗ ਦੇ ਦਾਅਵੇ ਬਾਰੇ ਜਦੋਂ ਯੋਗੇਸ਼ਵਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਮੈਂ ਉਸ ਨੂੰ ਕਦੀ ਵੀ ਹਾਰਨ ਲਈ ਨਹੀਂ ਕਿਹਾ। ਇਹ ਪੂਰੀ ਤਰ੍ਹਾਂ ਝੂਠ ਹੈ।’ ਉਸ ਨੇ ਕਿਹਾ, ‘ਸਾਡੇ ਧਰਮ ‘ਚ ਗਊ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਤੇ ਮੈਂ ਗਊ ਦੀ ਸਹੁੰ ਖਾ ਕੇ ਕਹਿ ਸਕਦਾ ਹਾਂ ਕਿ ਮੈਂ ਕਦੀ ਵੀ ਬਜਰੰਗ ਨੂੰ ਮੈਚ ਹਾਰਨ ਲਈ ਨਹੀਂ ਕਿਹਾ।’ ਉਨ੍ਹਾਂ ਕਿਹਾ, ‘ਓਲੰਪਿਕ ਕੁਆਲੀਫਿਕੇਸ਼ਨ (2016) ਦੌਰਾਨ ਉਹ 65 ਕਿਲੋਗ੍ਰਾਮ ਟਰਾਇਲ ਦਾ ਹਿੱਸਾ ਸੀ ਪਰ ਅਸੀਂ ਇੱਕ-ਦੂਜੇ ਦਾ ਸਾਹਮਣਾ ਨਹੀਂ ਕੀਤਾ। ਅਮਿਤ ਧਨਖੜ ਨੇ ਉਸ ਨੂੰ ਹਰਾਇਆ ਸੀ। ਇਸ ਤੋਂ ਬਾਅਦ ਆਖਰੀ ਮੁਕਾਬਲੇ ‘ਚ ਮੈਂ ਅਮਿਤ ਦਾ ਸਾਹਮਣਾ ਕੀਤਾ ਸੀ।’ ਉਨ੍ਹਾਂ ਕਿਹਾ, ‘ਪ੍ਰੋ ਰੈਸਲਿੰਗ ਲੀਗ ‘ਚ ਅਸੀਂ ਇੱਕ-ਦੂਜੇ ਦਾ ਸਾਹਮਣਾ ਕੀਤਾ ਸੀ। ਮੈਂ ਉੱਥੇ 3-0 ਨਾਲ ਜਿੱਤ ਦਰਜ ਕੀਤੀ ਸੀ। ਜੇਕਰ ਮੈਂ ਚਾਹੁੰਦਾ ਤਾਂ ਹੋਰ ਵੀ ਸਕੋਰ ਕਰ ਸਕਦਾ ਸੀ। ਹਰ ਕੋਈ ਜਾਣਦਾ ਹੈ ਕਿ ਇਹ ਸਿਰਫ਼ ਦਿਖਾਵੇ ਦਾ ਮੁਕਾਬਲਾ ਸੀ।’ ਕੁਸ਼ਤੀ ਛੱਡਣ ਮਗਰੋਂ ਭਾਜਪਾ ਆਗੂ ਬਣੇ ਯੋਗੇਸ਼ਵਰ ਨੇ ਕਿਹਾ, ‘ਓਲੰਪਿਕ 2016 ਤੋਂ ਪਹਿਲਾਂ ਮੈਂ ਜਦੋਂ ਵੀ ਵਿਦੇਸ਼ ਜਾਂਦਾ ਸੀ ਤਾਂ ਬਜਰੰਗ ਨੂੰ ਆਪਣੇ ਅਭਿਆਸ ਸਹਿਯੋਗੀ ਵਜੋਂ ਨਾਲ ਲਿਜਾਂਦਾ ਸੀ ਪਰ ਉਸ ਨੇ ਮੇਰੇ ਨਾਲ ਧੋਖਾ ਕੀਤਾ। ਮੈਨੂੰ ਨਹੀਂ ਪਤਾ ਕਿ ਉਹ ਮੇਰੇ ‘ਤੇ ਦੋਸ਼ ਕਿਉਂ ਲਗਾ ਰਿਹਾ ਹੈ ਅਤੇ ਮੇਰਾ ਅਕਸ ਖਰਾਬ ਕਰ ਰਿਹਾ ਹੈ।’ ਉਨ੍ਹਾਂ ਕਿਹਾ, ‘2018 ‘ਚ ਬਜਰੰਗ ਨੇ ਮੈਨੂੰ ਕਿਹਾ ਕਿ ਮੈਨੂੰ ਰਾਸ਼ਟਰ ਮੰਡਲ ਖੇਡਾਂ ‘ਚ ਜਾਣ ਦਿਓ ਤੇ ਤੁਸੀਂ ਏਸ਼ਿਆਈ ਖੇਡਾ ‘ਚ ਚਲੇ ਜਾਣਾ ਪਰ ਮੈਂ ਉਸ ਨੂੰ ਕਿਹਾ ਕਿ ਮੈਂ ਟਰਾਇਲ ਖੇਡ ਕੇ ਜਾਵਾਂਗਾ। ਉਸ ਤੋਂ ਬਾਅਦ ਉਹ ਮੇਰੇ ਨਾਲ ਨਾਰਾਜ਼ ਹੋ ਗਿਆ ਤੇ ਅਸੀਂ ਇੱਕ-ਦੂਜੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ।’ -ਪੀਟੀਆਈ