ਬਰਮਿੰਘਮ, 1 ਅਗਸਤ
ਭਾਰਤੀ ਟੇਬਲ ਟੈਨਿਸ ’ਚ ਫਿਰ ਤੋਂ ਨਵਾਂ ਵਿਵਾਦ ਹੋ ਗਿਆ ਹੈ ਅਤੇ ਇਸ ਵਾਰ ਇਹ ਵਿਵਾਦ ਰਾਸ਼ਟਰਮੰਡਲ ਖੇਡਾਂ ਦੌਰਾਨ ਭਾਰਤ ਦੀ ਮੁਹਿੰਮ ਵਿਚਾਲੇ ਸਾਹਮਣੇ ਆਇਆ ਹੈ। ਮਹਿਲਾ ਟੀਮ ਮੁਕਾਬਲੇ ’ਚ ਮੌਜੂਦਾ ਚੈਂਪੀਅਨ ਵਜੋਂ ਟੂਰਨਾਮੈਂਟ ’ਚ ਹਿੱਸਾ ਲੈ ਰਹੇ ਭਾਰਤ ਨੂੰ ਕੁਆਰਟਰ ਫਾਈਨਲ ’ਚ ਮਲੇਸ਼ੀਆ ਨੇ ਉਲਟਫੇਰ ਦਾ ਸ਼ਿਕਾਰ ਬਣਾਇਆ। ਦੋਵਾਂ ਟੀਮਾਂ ਵਿਚਾਲੇ ਇੰਨਾ ਫਰਕ ਸੀ ਕਿ ਮਲੇਸ਼ੀਆ ਦੇ ਕੁਝ ਖਿਡਾਰੀ ਤਾਂ ਵਿਸ਼ਵ ਰੈਂਕਿੰਗ ’ਚ ਵੀ ਸ਼ਾਮਲ ਨਹੀਂ ਸਨ। ਭਾਰਤੀ ਟੀਮ ਲਈ ਨਾਮਜ਼ਦ ਮਹਿਲਾ ਕੋਚ ਅਨਿੰਦਿੱਤਾ ਚਕਰਵਰਤੀ ਨਾਕਆਊਟ ਗੇੜ ਦੇ ਇਸ ਮੈਚ ਦੌਰਾਨ ਗ਼ੈਰ ਹਾਜ਼ਰ ਰਹੀ ਜਿਸ ’ਤੇ ਕਈ ਸਵਾਲ ਉੱਠਣ ਲੱਗੇ। ਉਸ ਦੀ ਥਾਂ ਪੁਰਸ਼ ਟੀਮ ਦੇ ਕੋਚ ਐੱਸ ਰਮਨ ਕੋਰਟ ਨੇੜੇ ਬੈਠੇ ਹੋਏ ਸਨ।
ਭਾਰਤੀ ਟੇਬਲ ਟੈਨਿਸ ਐਸੋਸੀਏਸ਼ਨ ਦਾ ਸੰਚਾਲਨ ਕਰਨ ਵਾਲੀ ਪ੍ਰਸ਼ਾਸਕਾਂ ਦੀ ਕਮੇਟੀ ਦੇ ਇੱਕ ਮੈਂਬਰ ਐੱਸਡੀ ਮੁਦਗਿਲ ਨੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਮਹਿਲਾਵਾਂ ਦੇ ਮੈਚ ਦੌਰਾਨ ਮਹਿਲਾ ਕੋਚ ਨੂੰ ਹੀ ਹਾਜ਼ਰ ਹੋਣਾ ਚਾਹੀਦਾ ਸੀ। ਉਹ ਇਸ ਮਾਮਲੇ ’ਚ ਟੀਮ ਨਾਲ ਗੱਲ ਕਰਨਗੇ। ਮੁਦਗਿਲ ਨੂੰ ਟੀਮ ਮੈਨੇਜਰ ਵਜੋਂ ਭਾਰਤੀ ਟੀਮ ਨਾਲ ਬਰਮਿੰਘਮ ’ਚ ਹੋਣਾ ਚਾਹੀਦਾ ਸੀ ਪਰ ਖੇਡ ਮਨੋਰੋਗ ਮਾਹਿਰ ਗਾਇਤਰੀ ਵਰਤਾਕ ਨੂੰ ਟੀਮ ਨਾਲ ਜੋੜਨ ਲਈ ਉਹ ਭਾਰਤ ’ਚ ਹੀ ਰੁਕੇ ਰਹੇ। ਰਮਨ ਪੁਰਸ਼ ਖਿਡਾਰੀ ਜੀ ਸਾਥੀਆਨ ਦੇ ਨਿੱਜੀ ਕੋਚ ਹਨ। ਕੁਆਰਟਰ ਫਾਈਨਲ ਜਦੋਂ ਬੇਹੱਦ ਸਖ਼ਤ ਹੋ ਗਿਆ ਸੀ ਤਾਂ ਰਮਨ ਨੂੰ ਰੀਤ ਰਿਸ਼ਯ ਨੂੰ ਕੋਚਿੰਗ ਦਿੰਦੇ ਦੇਖਿਆ ਗਿਆ। -ਪੀਟੀਆਈ