ਨਵੀਂ ਦਿੱਲੀ, 24 ਜੁਲਾਈ
ਏਸ਼ਿਆਈ ਖੇਡ ਟਰਾਇਲਾਂ ਤੋਂ ਛੋਟ ਕਾਰਨ ਕੁਸ਼ਤੀ ਭਾਈਚਾਰੇ ਦਾ ਵਿਰੋਧ ਝੱਲ ਰਹੇ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆਂ ਨੇ ਅੱਜ ਕਿਹਾ ਕਿ ਨੌਜਵਾਨ ਪਹਿਲਵਾਨਾਂ ਵੱਲੋਂ ਉਨ੍ਹਾਂ ਨੂੰ ਅਦਾਲਤ ਵਿੱਚ ਘਸੀਟੇ ਜਾਣ ਕਾਰਨ ਉਨ੍ਹਾਂ ਨੂੰ ਠੇਸ ਪਹੁੰਚੀ ਹੈ, ਪਰ ਨਾਲ ਹੀ ਉਹ ਜੂਨੀਅਰ ਅਥਲੀਟਾਂ ਨੂੰ ਆਪਣੇ ਹੱਕਾਂ ਲਈ ਲੜਦਿਆਂ ਦੇਖ ਕੇ ਖੁਸ਼ ਵੀ ਹਨ। ਇੰਡੀਅਨ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਐਡਹਾਕ ਕਮੇਟੀ ਨੇ ਹਾਂਗਝਊ ਖੇਡਾਂ ਲਈ ਸਾਰੀਆਂ 18 ਸ਼੍ਰੇਣੀਆਂ ਦੇ ਟਰਾਇਲ ਲਏ ਹਨ, ਪਰ ਬਜਰੰਗ ਪੂਨੀਆ (65 ਕਿਲੋ) ਅਤੇ ਵਿਨੇਸ਼ (53 ਕਿਲੋ) ਨੂੰ ਸਿੱਧਾ ਦਾਖ਼ਲਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਪੈਨਲ ਦੇ ਇਸ ਫ਼ੈਸਲੇ ਖ਼ਿਲਾਫ਼ ਕੁਸ਼ਤੀ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜੂਨੀਅਰ ਪਹਿਲਵਾਨ ਅੰਤਿਮ ਪੰਘਾਲ ਅਤੇ ਸੁਰਜੀਤ ਕਲਕਲ ਨੇ ਇਸ ਛੋਟ ਨੂੰ ਰੱਦ ਕਰਵਾਉਣ ਲਈ ਦਿੱਲੀ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਹਾਲਾਂਕਿ ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਰੱਦ ਕਰ ਦਿੱਤੀ। ਬਜਰੰਗ ਅਤੇ ਵਿਨੇਸ਼ ਵਿਦੇਸ਼ ਵਿੱਚ ਵੱਖ ਵੱਖ ਸਿਖਲਾਈ ਲੈ ਰਹੇ ਹਨ। –ਪੀਟੀਆਈ