ਪਾਲ ਸਿੰਘ ਨੌਲੀ
ਜਲੰਧਰ, 25 ਦਸੰਬਰ
ਮੁੱਖ ਅੰਸ਼
- ਸੰਨਿਆਸ ਲੈਣ ਮਗਰੋਂ ‘ਭੱਜੀ’ ਨੇ ਜਲੰਧਰ ਦੀ ਬਰਲਟਨ ਪਾਰਕ ਨੂੰ ਕੀਤਾ ਸਿਜਦਾ
- ਕ੍ਰਿਕਟਰ ਦੀ ਜ਼ਿੰਦਗੀ ’ਤੇ ਅਧਾਰਿਤ ਕਿਤਾਬ ਜਲਦੀ ਹੋਵੇਗੀ ਰਿਲੀਜ਼
ਕ੍ਰਿਕਟ ਤੋਂ ਸੰਨਿਆਸ ਲੈਣ ਬਾਅਦ ਪਹਿਲੀ ਵਾਰ ਜਲੰਧਰ ਪਹੁੰਚੇ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ‘ਭੱਜੀ’ ਨੇ ਬਰਲਟਨ ਪਾਰਕ ਦੀ ਉਸ ਗਰਾਊਂਡ ਨੂੰ ਸਿਜਦਾ ਕੀਤਾ ਜਿਥੋਂ ਉਸ ਨੇ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੱਜੀ ਨੇ ਕਈ ਦਿਲਚਸਪ ਕਿੱਸੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਉਸ ਨੇ 1994 ਤੋਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ ਤੇ ਇਸ ਸਮੇਂ ਦੌਰਾਨ 100 ਟੈਸਟ ਮੈਚ ਖੇਡੇ ਹਨ। ਸਿਆਸਤ ਵਿਚ ਆਉਣ ਬਾਰੇ ਲੱਗ ਰਹੀਆਂ ਅਟਕਲਾਂ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਹਰਭਜਨ ਨੇ ਕਿਹਾ ਕਿ ਉਸ ਨੂੰ ਵੱਖ-ਵੱਖ ਪਾਰਟੀਆਂ ਵੱਲੋਂ ਪੇਸ਼ਕਸ਼ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਛੋਟਾ ਫ਼ੈਸਲਾ ਨਹੀਂ ਹੈ। ਇਸ ਬਾਰੇ ਉਹ ਮਨ ਬਣਾ ਕੇ ਹੀ ਫੈਸਲਾ ਲਵੇਗਾ ਕਿਉਂਕਿ ਕੋਈ ਵੀ ਕੰਮ ਉਹ ਅੱਧੇ-ਅਧੂਰੇ ਮਨ ਨਾਲ ਨਹੀਂ ਕਰਦਾ। ਪਰ ਅਜੇ ਸਿਆਸਤ ਵਿਚ ਜਾਣ ਦਾ ਸੋਚਿਆ ਨਹੀਂ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਆਈ ਤਸਵੀਰ ਦਾ ਜ਼ਿਕਰ ਕਰਦਿਆਂ ਭੱਜੀ ਨੇ ਕਿਹਾ ਕਿ ਉਹ ਚੰਡੀਗੜ੍ਹ ਵਿਚ ਬਤੌਰ ਕ੍ਰਿਕਟਰ ਹੀ ਸਿੱਧੂ ਨੂੰ ਮਿਲਿਆ ਸੀ। ਉਸ ਦੇ ਮਿੱਤਰ ਕਾਂਗਰਸ ਵਿਚ, ਭਾਜਪਾ ਵਿਚ ਤੇ ‘ਆਪ’ ਵਿਚ ਵੀ ਹਨ ਪਰ ਇਸ ਦਾ ਇਹ ਕੋਈ ਮਤਲਬ ਨਹੀਂ ਹੈ ਕਿ ਜਿਸ ਨਾਲ ਫੋਟੋ ਖਿੱਚੀ ਜਾਵੇ ਉਸ ਪਾਰਟੀ ਵਿਚ ਹੀ ਉਹ ਜਾ ਰਿਹਾ ਹੋਵੇਗਾ। ਭੱਜੀ ਨੇ ਆਪਣੇ ਬਾਰੇ ਲਿਖੀ ਜਾਣ ਵਾਲੀ ਕਿਤਾਬ ‘ਦੂਜਾ ਚੈਪਟਰ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਵਿਚ ਬਹੁਤ ਹੀ ਦਿਲਚਸਪ ਕਿੱਸੇ ਹੋਣਗੇ ਜਿਹੜੇ ਆਮ ਲੋਕਾਂ ਨੂੰ ਨਹੀਂ ਪਤਾ ਹਨ।
ਆਸਟਰੇਲਿਆਈ ਕ੍ਰਿਕਟਰ ਸਾਈਮਨ ਨੂੰ ਕੱਢੀ ਗਾਲ੍ਹ ਬਾਰੇ ਇਸ ਕਿਤਾਬ ਵਿਚ ਬੜਾ ਦਿਲਚਸਪ ਅਧਿਆਇ ਹੋਵੇਗਾ, ਜਿਸ ਨੂੰ ਪੜ੍ਹ ਕੇ ਲੋਕਾਂ ਨੂੰ ਮਜ਼ਾ ਆਏਗਾ। ਹਰਭਜਨ ਸਿੰਘ ਨੇ ਦੱਸਿਆ ਕਿ ਪੱਤਰਕਾਰ ਕੁਸ਼ਾਨ ਸਰਕਾਰ ਇਹ ਕਿਤਾਬ ਲਿਖ ਰਿਹਾ ਹੈ।
ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਵੀ ਆਪਣੇ ਜੀਵਨ ’ਤੇ ਫਿਲਮ ਬਣਾਉਣ ਬਾਰੇ ਸੋਚ ਰਹੇ ਹਨ? ਤਾਂ ਭੱਜੀ ਨੇ ਕਿਹਾ ਕਿ ਉਹ ਫਿਲਮ ਨਹੀਂ ਸਗੋਂ ਵੈੱਬ ਸੀਰੀਜ਼ ਬਣਾਉਣ ਦੀ ਤਿਆਰੀ ਕਰ ਰਹੇ ਹਨ। ਭੱਜੀ ਨੇ ਇਸ ਗੱਲ ਦਾ ਹਿਰਖ਼ ਕੀਤਾ ਕਿ ਖੇਡ ਖੇਤਰ ਵਿਚ ਪੰਜਾਬ ਪੱਛੜ ਰਿਹਾ ਹੈ, ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।