ਟੋਕੀਓ, 21 ਜੁਲਾਈ
ਟੋਕੀਓ ਓਲੰਪਿਕ ਦੇ ਉਦਘਾਟਨੀ ਸਮਾਗਮ ਵਿੱਚ ਭਾਰਤੀ ਖੇਡ ਦਲ ’ਚੋਂ ਸਿਰਫ਼ ਛੇ ਅਧਿਕਾਰੀਆਂ ਨੂੰ ਹਾਜ਼ਰੀ ਭਰਨ ਦੀ ਪ੍ਰਵਾਨਗੀ ਮਿਲੀ ਹੈ। ਭਾਰਤੀ ਮਿਸ਼ਨ ਵਿੱਚ ਡਿਪਟੀ ਅਧਿਕਾਰੀ ਪ੍ਰੇਮ ਕੁਮਾਰ ਵਰਮਾ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਿਨ੍ਹਾਂ ਖਿਡਾਰੀਆਂ ਨੇ ਉਦਘਾਟਨੀ ਸਮਾਗਮ ਤੋਂ ਅਗਲੇ ਦਿਨ ਭਾਵ 24 ਜੁਲਾਈ ਨੂੰ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਹੈ, ਉਨ੍ਹਾਂ ਨੂੰ 23 ਜੁਲਾਈ ਦੇ ਮੁੱਖ ਸਮਾਗਮ ’ਚੋਂ ਗੈਰਹਾਜ਼ਰ ਰਹਿਣ ਦੀ ਹਦਾਇਤ ਕੀਤੀ ਗਈ ਹੈ। ਟੋਕੀਓ ਓਲੰਪਿਕ ਵਿੱਚ ਭਾਰਤ ਦੇ 127 ਖਿਡਾਰੀ ਵੱਖ ਵੱਖ ਖੇਡ ਵੰਨਗੀਆਂ ਲਈ ਮੈਦਾਨ ’ਚ ਉੱਤਰਨਗੇ ਜਦੋਂਕਿ ਭਾਰਤੀ ਖੇਡ ਦਲ ਵਿੱਚ ਅਧਿਕਾਰੀਆਂ, ਕੋਚਾਂ ਤੇ ਹੋਰ ਸਹਿਯੋਗੀ ਸਟਾਫ਼ ਨੂੰ ਮਿਲਾ ਕੇ ਕੁੱਲ 228 ਮੈਂਬਰ ਹਨ। ਵਰਮਾ ਨੇ ਇਥੇ ਮਿਸ਼ਨ ਪ੍ਰਮੁੱਖਾਂ ਦੀ ਮੀਟਿੰਗ ਮਗਰੋਂ ਹਾਲਾਂਕਿ ਉਨ੍ਹਾਂ ਅਧਿਕਾਰੀਆਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ, ਜੋ ਉਦਘਾਟਨੀ ਸਮਾਗਮ ’ਚ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ, ‘ਸਮਾਗਮ ਵਿੱਚ ਛੇ ਅਧਿਕਾਰੀਆਂ ਨੂੰ ਹੀ ਸ਼ਾਮਲ ਹੋਣ ਦੀ ਖੁੱਲ੍ਹ ਦਿੱਤੀ ਗਈ ਹੈ ਜਦੋਂਕਿ ਖਿਡਾਰੀਆਂ ਦੀ ਗਿਣਤੀ ’ਤੇ ਕੋਈ ਪਾਬੰਦੀ ਨਹੀਂ ਰਹੇਗੀ। ਉਨ੍ਹਾਂ ਕਿਹਾ, ‘‘ਉਦਘਾਟਨੀ ਸਮਾਗਮ ਦੇ ਅੱਧੀ ਰਾਤ ਤੱਕ ਚੱਲਣ ਦੇ ਆਸਾਰ ਹਨ, ਇਸ ਲਈ ਬਿਹਤਰ ਹੋਵੇਗਾ ਕਿ ਜਿਨ੍ਹਾਂ ਖਿਡਾਰੀਆਂ ਦੇ ਅਗਲੇ ਦਿਨ ਮੁਕਾਬਲੇ ਹਨ, ਉਹ ਆਰਾਮ ਕਰਨ।’’ ਅਜਿਹੇ ਖਿਡਾਰੀਆਂ ’ਚ ਨਿਸ਼ਾਨੇਬਾਜ਼ ਸੌਰਭ ਚੌਧਰੀ, ਅਭਿਸ਼ੇਕ ਵਰਮਾ, ਅਪੂਰਵੀ ਚੰਦੇਲਾ ਤੇ ਇਲਾਵੇਨਿਲ ਵਲਾਰਿਵਾਨ ਸ਼ਾਮਲ ਹਨ। ਉਦਘਾਟਨੀ ਸਮਾਗਮ ਵਿੱਚ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੇ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮ.ਸੀ.ਮੈਰੀਕੌਮ ਝੰਡਾਬਰਦਾਰ ਹੋਣਗੇ। -ਪੀਟੀਆਈ