ਬੰਗਲੂਰੂ: ਪਾਕਿਸਤਾਨ ਦੇ ਖਿਡਾਰੀਆਂ ’ਤੇ ਨਿਊਜ਼ੀਲੈਂਡ ਖ਼ਿਲਾਫ਼ ਅੱਜ ਇੱਥੇ ਖੇਡੇ ਗਏ ਵਿਸ਼ਵ ਕ੍ਰਿਕਟ ਕੱਪ ਦੇ ਲੀਗ ਮੈਚ ਵਿੱਚ ਧੀਮੀ ਓਵਰ ਗਤੀ ਲਈ ਮੈਚ ਫੀਸ ਦਾ 10 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ। ਪਾਕਿਸਤਾਨ ਨੇ ਮੀਂਹ ਕਾਰਨ ਪ੍ਰਭਾਵਤਿ ਹੋਏ ਇਸ ਮੈਚ ਵਿੱਚ ਡਕਵਰਥ ਲੁਈਸ (ਡੀਐੱਲਐੱਸ) ਵਿਧੀ ਰਾਹੀਂ 21 ਦੌੜਾਂ ਨਾਲ ਜਿੱਤ ਦਰਜ ਕਰਕੇ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚਣ ਦੀ ਆਪਣੀ ਉਮੀਦ ਨੂੰ ਕਾਇਮ ਰੱਖਿਆ। ਇੰਟਰਨੈਸ਼ਨਲ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਬਿਆਨ ਜਾਰੀ ਕਰਦਿਆਂ ਕਿਹਾ, ‘‘ਅਮੀਰਾਤ ਆਈਸੀਸੀ ਅਲੀਟ ਪੈਨਲ ਦੇ ਮੈਚ ਰੈਫ਼ਰੀ ਰਿਚੀ ਰਿਚਰਡਸਨ ਨੇ ਪਾਇਆ ਕਿ ਬਾਬਰ ਆਜ਼ਮ ਦੀ ਅਗਵਾਈ ਵਾਲੀ ਟੀਮ ਨੇ ਨਿਰਧਾਰਤਿ ਸਮੇਂ ਵਿੱਚ ਦੋ ਓਵਰ ਘੱਟ ਕੀਤੇ ਹਨ, ਇਸ ਮਗਰੋਂ ਉਨ੍ਹਾਂ ਟੀਮ ਦੇ ਖਿਡਾਰੀਆਂ ’ਤੇ ਇਹ ਜੁਰਮਾਨਾ ਲਗਾਇਆ।’’ ਬਾਬਰ ਨੇ ਆਪਣੀ ਟੀਮ ਦੀ ਗਲਤੀ ਅਤੇ ਜੁਰਮਾਨੇ ਨੂੰ ਸਵੀਕਾਰ ਲਿਆ ਹੈ, ਇਸ ਲਈ ਇਸ ਮਾਮਲੇ ਦੀ ਸੁਣਵਾਈ ਦੀ ਲੋੜ ਨਹੀਂ ਪਈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮੈਦਾਨੀ ਅੰਪਾਇਰ ਪੌਲ ਵਿਲਸਨ ਅਤੇ ਰਿਚਰਡ ਕੇਟਲਬੋਰੋ, ਤੀਜੇ ਅੰਪਾਇਰ ਰਿਚਰਡ ਇਲਿੰਗਵਰਥ ਅਤੇ ਚੌਥੇ ਅੰਪਾਇਰ ਜੋਇਲ ਵਿਲਸਨ ਨੇ ਪਾਕਿਸਤਾਨ ’ਤੇ ਧੀਮੀ ਓਵਰ ਗਤੀ ਦਾ ਦੋਸ਼ ਲਾਇਆ ਸੀ। -ਪੀਟੀਆਈ